ਨਰਿੰਦਰ ਮਾਹੀ/ਹਰਪ੍ਰਰੀਤ ਸਿੰਘ ਪਠਲਾਵਾ, ਬੰਗਾ

ਪੰਜਾਬ ਅਨੁਸੂਚਿਤ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ, ਇੰਜ: ਮੋਹਨ ਲਾਲ ਸੂਦ ਵੱਲੋਂ ਕਾਰਪੋਰੇਸ਼ਨ ਦੇ ਸੇਵਾ ਕੇਂਦਰ ਬੰਗਾ ਵਿਖੇ ਸ਼੍ਰੋਮਣੀ ਭਗਤ ਕਬੀਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਭਗਤ ਕਬੀਰ ਜੀ ਦੀਆਂ ਸਿਖਿਆਵਾਂ 'ਤੇ ਚਾਨਣ ਪਾਇਆ ਕਿ ਸਾਨੂੰ ਭਗਤ ਕਬੀਰ ਦੇ ਉਪਦੇਸ਼ਾਂ ਦੇ ਅਨੁਸਾਰ ਫੋਕਟ ਰਸਮਾਂ ਰਿਵਾਜਾਂ ਅਤੇ ਪਾਖੰਡਾਂ ਦਾ ਤਿਆਗ ਕਰਕੇ ਉਨ੍ਹਾਂ ਵਾਂਗ ਹੀ ਹੱਥੀ ਕਿਰਤ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਾਡੇ ਗੁਰੂ ਸਹਿਬਾਨਾਂ ਅਤੇ ਰਹਿਬਰਾਂ ਵੱਲੋਂ ਕਿਰਤ ਕਰਨ ਦਾ ਕੇਵਲ ਸੁਨੇਹਾ ਹੀ ਨਹੀਂ ਦਿੱਤਾ। ਸਗੋਂ ਆਪ ਹੱਥੀ ਕਿਰਤ ਕਰਕੇ ਸਾਨੂੰ ਇਕ ਨਵਾਂ ਰਾਹ ਦਿਖਾਇਆ ਹੈ ਕਿ ਕੋਈ ਵੀ ਕੰਮ ਵੱਡਾ ਜਾਂ ਛੋਟਾ ਨਹੀਂ ਹੁੰਦਾ। ਗੁਰੂ ਨਾਨਕ ਦੇਵ ਜੀ ਵੱਲੋਂ ਖੇਤੀ ਕਰਕੇ ਅਤੇ ਗੁਰੂ ਰਵਿਦਾਸ ਜੀ ਅਤੇ ਭਗਤ ਕਬੀਰ ਜੀ ਵੱਲੋਂ ਵੀ ਆਪਣੇ ਜੱਦੀ ਪੁਸ਼ਤੀ ਕੰਮ ਨੂੰ ਆਪਣੇ ਹੱਥੀ ਕਰਕੇ ਦਸਾਂ ਨਹੁੰਆਂ ਦੀ ਕਿਰਤ ਕਰਨ ਦਾ ਉਪਦੇਸ਼ ਦਿੱਤਾ ਗਿਆ ਸੀ। ਇਨ੍ਹਾਂ ਉਪਦੇਸ਼ਾਂ ਅਨੁਸਾਰ ਹੀ ਅੱਜ ਕਾਰਪੋਰੇਸ਼ਨ ਵੱਲੋਂ ਸਰਕਾਰ ਦੁਆਰਾ ਗਰੀਬ ਅਨੁਸੂਚਿਤ ਵਰਗ ਦੇ ਪਰਿਵਾਰਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਆਪਣਾ ਕੰਮਧੰਦਾ ਸਥਾਪਤ ਕਰਨ ਲਈ 12.75 ਲੱਖ ਰੁਪਏ ਦੇ ਕਰਜ਼ਿਆਂ ਦੇ ਮਨਜ਼ੂਰੀ ਪੱਤਰ ਲਾਭਪਾਤਰੀਆਂ ਨੂੰ ਵੰਡੇ ਗਏ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਚਾਲੂ ਮਾਲੀ ਸਾਲ ਨੂੰ ਕਾਰਪੋਰੇਸ਼ਨ ਦੀ ਸਥਾਪਨਾ ਨੂੰ 50 ਸਾਲ ਪੂਰੇ ਹੋਣ ਕਾਰਨ “ਗੋਲਡਨ ਜੁਬਲੀ ਵਰੇ੍ਹ' ਦੇ ਤੌਰ 'ਤੇ ਮਨਾਇਆ ਜਾ ਰਿਹਾ ਹੈ। ਜਿਸ ਕਾਰਨ ਇਸ ਸਾਲ ਕਾਰਪੋਰੇਸ਼ਨ ਵੱਲੋਂ ਸਿੱਧਾ ਕਰਜਾ ਸਕੀਮ ਅਧੀਨ ਆਪਣੇ ਟੀਚੇ ਦੁਗਣੇ ਕਰ ਦਿੱਤੇ ਗਏ ਹਨ ਅਤੇ ਕੇਵਲ ਇਸ ਸਕੀਮ ਅਧੀਨ 1000.00 ਲੱਖ ਰੁਪਏ ਦਾ ਕਰਜਾ ਵੰਡਣ ਦਾ ਟੀਚਾ ਰੱਖਿਆ ਗਿਆ ਹੈ। ਇਸ ਮੌਕੇ ਕੁਲਵਿੰਦਰ ਸਿੰਘ ਜ਼ਿਲ੍ਹਾ ਮੈਨੇਜਰ, ਜੁਗਲ ਕਿਸ਼ੋਰ, ਸਹਾਇਕ ਜ਼ਿਲ੍ਹਾ ਮੈਨੇਜਰ, ਸੁਰਿੰਦਰ ਕੁਮਾਰ ਸਹਾਇਕ ਜ਼ਿਲ੍ਹਾ ਮੈਨੇਜਰ, ਪ੍ਰਸ਼ਾਤ ਕੁਮਾਰ, ਰਵੀ ਕੁਮਾਰ, ਗੁਰਪ੍ਰਰੀਤ ਸਿੰਘ, ਸਤਵਿੰਦਰ ਸਿੰਘ, ਅਰੁਣ ਘਈ, ਗਿਆਨ ਚੰਦ, ਚਰਨਜੀਤ ਸਿੰਘ, ਜਸਵਿੰਦਰ ਪਾਲ ਆਦਿ ਵੀ ਹਾਜ਼ਰ ਸਨ।

ਕਾਰਪੋਰੇਸ਼ਨ ਵੱਲੋਂ ਚਲਾਈਆਂ ਜਾ ਰਹੀਆਂ ਹੋਰ ਸਕੀਮਾਂ ਬਾਰੇ ਦਿੱਤੀ ਜਾਣਕਾਰੀ

ਇਸ ਮੌਕੇ ਚੇਅਰਮੈਨ ਵੱਲੋਂ ਕਾਰਪੋਰੇਸ਼ਨ ਵੱਲੋਂ ਚਲਾਈਆਂ ਜਾ ਰਹੀਆਂ ਹੋਰ ਸਕੀਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੋਆਪਰੇਟਿਵ ਬੈਂਕ ਦੁਆਰਾ ਚਲਾਈ ਜਾ ਰਹੀ ਸੈਲਫ ਹੈਲਪ ਗਰੁਪ ਦੀ ਸਕੀਮ 'ਚ ਬੈਂਕ ਵੱਲੋਂ ਕਰਜਾ ਦਿੱਤਾ ਜਾਵੇਗਾ ਅਤੇ ਕਾਰਪੋਰੇਸ਼ਨ ਵੱਲੋਂ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ੇਸ਼ ਤੌਰ 'ਤੇ ਅਨੁਸੂਚਿਤ ਜਾਤੀਆਂ ਦੇ ਕਰਜ਼ਦਾਰਾਂ ਦੇ 50,000 ਰੁਪਏ ਤੱਕ ਦੇ ਕਰਜੇ ਮੁਆਫ਼ ਕਰਨ ਦਾ ਵੀ ਧੰਨਵਾਦ ਕੀਤਾ। ਜਿਸ ਨਾਲ ਅਨੁਸੂਚਿਤ ਜਾਤੀ ਦੇ ਕਰਜ਼ਦਾਰਾਂ ਨੂੰ 45.44 ਕਰੋੜ ਰੁਪਏ ਦਾ ਲਾਭ ਹੋਇਆ ਹੈ।