ਪ੍ਰਦੀਪ ਭਨੋਟ, ਨਵਾਂਸ਼ਹਿਰ : ਵਿਧਾਇਕ ਅੰਗਦ ਸਿੰਘ ਵੱਲੋਂ ਨਵਾਂਸ਼ਹਿਰ 'ਚ 45 ਲੱਖ ਰੁਪਏ ਦੇ ਸ਼ਹਿਰੀ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ। ਉਨ੍ਹਾਂ ਇਸ ਦੌਰਾਨ ਨਵਾਂਸ਼ਹਿਰ ਨਗਰ ਕੌਂਸਲ ਦੀ ਸਮੁੱਚੀ ਟੀਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਨਵਾਂਸ਼ਹਿਰ ਵਿਕਾਸ ਕਾਰਜਾਂ ਪੱਖੋਂ ਤਾਂ ਪਹਿਲੇ ਸਥਾਨ 'ਤੇ ਹੈ ਪਰ ਸਾਫ਼-ਸਫ਼ਾਈ ਪੱਖੋਂ ਵੀ ਪੰਜਾਬ 'ਚੋਂ ਅਤੇ ਉੱਤਰ ਭਾਰਤ 'ਚੋਂ ਸਭ ਤੋਂ ਅੱਗੇ ਹੈ। ਚੰਡੀਗੜ੍ਹ ਰੋਡ ਤੋਂ ਮਿਲਟਰੀ ਕੰਟੀਨ ਵਾਲੀ ਸੜਕ ਦੀ ਉਸਾਰੀ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਸੜਕ ਦੀ ਸੰਪੂਰਨਤਾ 'ਤੇ 30 ਲੱਖ ਰੁਪਏ ਖਰਚ ਕੀਤੇ ਜਾਣਗੇ। ਬਾਅਦ 'ਚ ਗੁੱਜਰਪੁਰ ਰੋਡ 'ਤੇ ਪਾਣੀ ਦੀ ਨਿਕਾਸੀ ਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਕਾਰਜ 'ਤੇ 15 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਆਖਿਆ ਕਿ ਉਨ੍ਹਾਂ ਵੱਲੋਂ ਸਮੁੱਚੇ ਨਵਾਂਸ਼ਹਿਰ ਦੇ ਵਿਕਾਸ ਲਈ ਆਰੰਭੇ ਯਤਨਾਂ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਪਾਸੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ, ਜਿਸ ਕਰ ਕੇ ਨਵਾਂਸ਼ਹਿਰ ਹਲਕਾ ਵਿਕਾਸ ਪੱਖੋਂ ਪੰਜਾਬ ਦੇ ਸਭ ਤੋਂ ਵਧੇਰੇ ਵਿਕਾਸ ਕਾਰਜਾਂ ਵਾਲੇ ਹਲਕੇ 'ਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਕੋ-ਇਕ ਏਜੰਡਾ ਆਪਣੇ ਹਲਕੇ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਜਿਸ 'ਚ ਸੜਕਾਂ ਨੂੰ ਪ੍ਰਮੁੱਖਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਲੋਕਾਂ ਵੱਲੋਂ ਦਿੱਤੀ ਸੇਵਾ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਹਮੇਸ਼ਾ ਵਚਨਬੱਧ ਰਹਿਣਗੇ। ਇਸ ਮੌਕੇ ਨਵਾਂਸ਼ਹਿਰ ਨਗਰ ਕੌਂਸਲ ਦੇ ਪ੍ਰਧਾਨ ਲਲਿਤ ਮੋਹਨ ਪਾਠਕ, ਵਾਰਡ ਨੰਬਰ 5 ਦੇ ਐੱਮਸੀ ਸਚਿਨ ਦੀਵਾਨ, ਵਾਰਡ ਨੰਬਰ 1 ਦੀ ਐੱਮਸੀ ਬਲਵਿੰਦਰ ਕੌਰ ਤੋਂ ਇਲਾਵਾ ਐੱਮਸੀ ਮਨਜੀਤ ਕੌਰ, ਕੁਲਵੰਤ ਕੌਰ, ਐੱਮਸੀ ਮਹਿੰਦਰ ਸਿੰਘ ਡੀਐੱਸਪੀ, ਕਮਲਜੀਤ ਲਾਲ, ਸਾਬਕਾ ਪ੍ਰਧਾਨ ਰਜਿੰਦਰ ਚੋਪੜਾ, ਕੈਪਟਨ ਪ੍ਰਕਾਸ਼ ਸਿੰਘ ਮਹਾਲੋਂ ਵਾਈਸ ਚੇਅਰਮੈਨ ਬਲਾਕ ਸਮਿਤੀ ਨਵਾਂਸ਼ਹਿਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।