ਪ੍ਰਦੀਪ ਭਨੋਟ, ਨਵਾਂਸ਼ਹਿਰ :'ਵਿਸ਼ਵ ਬਜ਼ੁਰਗ ਦੁਰਵਿਹਾਰ ਜਾਗਰੂਕਤਾ ਦਿਵਸ' ਮੌਕੇ ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਵੱਲੋਂ ਜ਼ਿਲ੍ਹੇ ਦੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੀ ਭਾਗੀਦਾਰੀ ਨਾਲ ਕਰਵਾਏ ਸਮਾਗਮ ਦੀ ਪ੍ਰਧਾਨਗੀ ਡੀਸੀ ਨੇ ਕੀਤੀ। ਇਸ ਦੌਰਾਨ ਡੀਸੀ ਐਨਪੀਐੱਸ ਰੰਧਾਵਾ ਨੇ ਕਿਹਾ ਕਿ ਬਜ਼ੁਰਗ ਕਿਸੇ ਵੀ ਸਮਾਜ ਦਾ ਕੀਮਤੀ ਸਰਮਾਇਆ ਹੁੰਦੇ ਹਨ। ਉਨਾਂ੍ਹ ਕੋਲ ਜ਼ਿੰਦਗੀ ਦੀਆਂ ਅੌਕੜਾਂ ਨਾਲ ਜੂਝਦੇ ਹੋਏ, ਹਰ ਮੁਸ਼ਕਿਲ ਦੇ ਹੱਲ ਦੇ ਏਨੇ ਕੁ ਤਜਰਬੇ ਹੋ ਜਾਂਦੇ ਹਨ ਕਿ ਉਹ ਆਪਣੇ ਇਸ ਤਜਰਬੇ ਨੂੰ ਸਮਾਜ ਦੀ ਬੇਹਤਰੀ ਲਈ ਵੀ ਵਰਤ ਸਕਦੇ ਹਨ। ਬਜ਼ੁਰਗ ਕਿਸੇ ਵੀ ਪਾਰਕ, ਗਲੀ ਜਾਂ ਛੱਪੜ ਜਾਂ ਕਿਸੇ ਹੋਰ ਥਾਂ ਨੂੰ ਅਪਣਾ ਸਕਦੇ ਹਨ ਅਤੇ ਉਨਾਂ੍ਹ ਨੂੰ ਹੋਰ ਬੇਹਤਰ ਬਣਾਉਣ ਵਿਚ ਆਪਣਾ ਯੋਗਦਾਨ ਦੇ ਸਕਦੇ ਹਨ। ਉਨਾਂ੍ਹ ਦੱਸਿਆ ਕਿ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬਜ਼ੁਰਗਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਹੈਲਪ ਲਾਈਨ ਨੰ. 14567 ਸ਼ੁਰੂ ਕੀਤਾ ਗਿਆ ਹੈ, ਜਿਹੜਾ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਕੰਮ ਕਰੇਗੀ। ਉਨਾਂ੍ਹ ਕਿਹਾ ਕਿ ਇਸ ਹੈਲਪ ਲਾਈਨ 'ਤੇ ਕੀਤੀ ਗਈ ਸ਼ਿਕਾਇਤ ਸਬੰਧਤ ਜ਼ਿਲਿ੍ਹਆਂ ਨੂੰ ਹੱਲ ਲਈ ਭੇਜੀ ਜਾਵੇਗੀ। ਉਨਾਂ੍ਹ ਇਸ ਹੈਲਪ ਲਾਈਨ ਦਾ ਲਾਭ ਲੈਣ ਦੀ ਅਪੀਲ ਕੀਤੀ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਾਜ ਕਿਰਨ ਕੌਰ ਨੇ ਇਸ ਦਿਵਸ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਇਹ ਦਿਨ ਬਜ਼ੁਰਗਾਂ ਦੇੇ ਕਿਸੇ ਵੀ ਕਿਸਮ ਦੇ ਸੋਸ਼ਣ ਨੂੰ ਰੋਕਣ ਅਤੇ ਜਾਗਰੂਕਤਾ ਲਈ ਸੰਯੁਕਤ ਰਾਸ਼ਟਰ ਵੱਲੋਂ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਉਨਾਂ੍ਹ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਹੈਲਪਏਜ ਇੰਡੀਆ ਦੀ ਮੱਦਦ ਨਾਲ ਬਜ਼ੁਰਗਾਂ ਲਈ ਹੈਲਪ ਲਾਈਨ ਨੰ. 14567 ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਜ਼ੁਰਗਾਂ ਦੇ ਹਿੱਤਾਂ ਦੀ ਸਾਂਭ-ਸੰਭਾਲ ਲਈ 'ਮੈਂਟੀਨੈਂਸ ਤੇ ਵੈਲਫ਼ੇਅਰ ਆਫ਼ ਸੀਨੀਅਰ ਸਿਟੀਜ਼ਨਜ਼ ਐਕਟ 2007' ਬਾਰੇ ਵੀ ਜਾਣਕਾਰੀ ਦਿੱਤੀ। ਇਸ ਐਕਟ ਤਹਿਤ ਬਜ਼ੁਰਗ ਐੱਸਡੀਐਮ ਦਫ਼ਤਰ ਵਿਚ ਆਪਣੀ ਸ਼ਿਕਾਇਤ ਦੇ ਸਕਦੇ ਹਨ, ਜਿਸ 'ਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਾਹੀਂ ਪਹਿਲਾਂ ਪਰਿਵਾਰਿਕ ਤੌਰ 'ਤੇ ਸ਼ਿਕਾਇਤ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਹੱਲ ਨਾ ਹੋਣ 'ਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਂਦੀ ਹੈ। ਹੈਲਪ ਲਾਈਨ ਦੇ ਜ਼ਿਲ੍ਹੇ ਲਈ ਤਾਇਨਾਤ ਫ਼ੀਲਡ ਰਿਸਪੌਂਸ ਅਫ਼ਸਰ ਵਿਜੇ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਾਂ ਦੇ ਨਿਪਟਾਰੇ ਤੋਂ ਇਲਾਵਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਬਿ੍ਧ ਘਰਾਂ ਵਿੱਚ ਰਹਿ ਰਹੇ ਬਜ਼ੁਰਗਾਂ ਨੂੰ ਉਨਾਂ੍ਹ ਦੇ ਪਰਿਵਾਰਾਂ ਨਾਲ ਮਿਲਾਉਣ ਦੇ ਯਤਨ ਕੀਤੇ ਜਾ ਰਹੇ ਹਨ। ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਜੇਡੀ ਵਰਮਾ ਨੇ ਡਿਪਟੀ ਕਮਿਸ਼ਨਰ ਐਨਪੀਐੱਸ ਰੰਧਾਵਾ ਦੇ ਬਜ਼ੁਰਗਾਂ ਪ੍ਰਤੀ ਹਮਦਰਦਾਨਾ ਵਤੀਰੇ ਦੀ ਸ਼ਲਾਘਾ ਕੀਤੀ ਅਤੇ ਉਨਾਂ੍ਹ ਨੂੰ ਐਸੋਸੀਏਸ਼ਨ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਐਸੋਸੀਏਸ਼ਨ ਦੇ ਮੈਂਬਰਾਂ ਜਸਪਾਲ ਸਿੰਘ ਗਿੱਦਾ, ਗੁਰਚਰਨ ਅਰੋੜਾ, ਐਸ ਕੇ ਬਰੂਟਾ ਅਤੇ ਰਾਮ ਸ਼ਰਨ ਚੌਧਰੀ ਨੇ ਵੀ ਆਪਣੇ ਵਿਚਾਰ ਰੱਖੇ।