ਜਗਤਾਰ ਮਹਿੰਦੀਪੁਰੀਆ, ਬਲਾਚੌਰ : ਕੋਰੋਨਾ ਮਹਾਮਾਰੀ ਦੇ ਚੱਲਦਿਆਂ ਲਾਕਡਾਊਨ ਅਤੇ ਕਰਿਫ਼ਊ ਨੇ ਭਾਵੇਂ ਹਰ ਇਕ ਵਰਗ ਦੇ ਕਾਰੋਬਾਰ ਨੂੰ ਪ੍ਰਭਾਵਿਤ ਕੀਤਾ ਹੈ ਪਰ ਇਸ ਮੌਕੇ ਉਹ ਲੋਕ ਵੱਧ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਦੇ ਕਾਰੋਬਾਰ ਉਪਰ ਪਹਿਲਾਂ ਹੀ ਸਮੇਂ ਦੀ ਮਾਰ ਪਈ ਹੋਈ ਹੈ। ਅੱਤ ਦੀ ਮਹਿੰਗਾਈ ਅਤੇ ਕੋਰੋਨਾ ਵਾਇਰਸ ਦੀ ਲਾਗ ਤੋਂ ਲੋਕਾਂ ਨੂੰ ਬਚਾਉਣ ਲਈ ਲਾਏ ਕਰਫਿਊ ਦੀ ਚੱਕੀ ਵਿਚ ਨਲਕੇ ਠੀਕ ਕਰਨ ਵਾਲਿਆਂ ਦਾ ਕਿੱਤਾ ਵੀ ਬੁਰੀ ਤਰ੍ਹਾਂ ਪਿੜ ਰਿਹਾ ਹੈ। ਇਸ ਕਿੱਤੇ ਨਾਲ ਜੁੜੇ ਲੋਕਾਂ ਦੀ ਭੁੱਖੇ ਮਰਨ ਦੀ ਨੌਬਤ ਆ ਚੁੱਕੀ ਹੈ। ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਬਲਾਚੌਰ 'ਚ ਪੈਂਦੇ ਪਿੰਡ ਮਹਿੰਦੀਪੁਰ ਵਾਸੀ ਧੰਨਾ ਰਾਮ ਨੇ ਦੱਸਿਆ ਕਿ ਉਹ ਨਲਕੇ ਲਾਉਣ ਅਤੇ ਠੀਕ ਕਰਨ ਦਾ ਕੰਮ ਅਰਸਾ ਕਰੀਬ 40/45 ਸਾਲ ਤੋਂ ਕਰਦਾ ਆ ਰਿਹਾ ਹੈ। ਲੋਕਾਂ ਵੱਲੋਂ ਪਹਿਲੇ ਘਰ-ਘਰ ਨਲਕੇ ਲਾਏ ਜਾਂਦੇ ਸਨ ਅਤੇ ਉਨ੍ਹਾਂ ਦਾ ਕੰਮ ਠੀਕ ਹੋਣ ਕਾਰਨ ਪਰਿਵਾਰ ਦਾ ਗੁਜ਼ਾਰਾ ਚੰਗਾ ਚੱਲਦਾ ਰਿਹਾ ਪਰ ਜਿਉਂ-ਜਿਉਂ ਧਰਤੀ ਹੇਠਲਾ ਪਾਣੀ ਹੇਠਾਂ ਨੂੰ ਜਾਣ ਲੱਗਾ ਆਮ ਲੋਕਾਂ ਵੱਲੋਂ ਨਲਕੇ ਪੁੱਟਵਾ ਕੇ ਸਬਮਰਸੀਬਲ ਪੰਪ ਲਾਉਣੇ ਸ਼ੁਰੂ ਕਰ ਦਿੱਤੇ ਗਏ, ਜਿਸ ਦਾ ਵੱਡਾ ਅਸਰ ਉਨ੍ਹਾਂ ਦੇ ਕਾਰੋਬਾਰ ਉਪਰ ਪਿਆ। ਹੁਣ ਟਾਵੇਂ ਟਾਵੇਂ ਹੀ ਨਲਕੇ ਰਹਿਣ ਕਾਰਨ ਉਨ੍ਹਾਂ ਦੀ ਰਿਪੇਅਰ ਦਾ ਕੰਮ ਵੀ ਘੱਟ ਗਿਆ। ਉਨ੍ਹਾਂ ਕਿਹਾ ਕਿ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੋ ਗਿਆ ਹੈ ਪਰ ਹੁਣ ਕੋਰੋਨਾ ਦੌਰਾਨ ਲੱਗੇ ਕਰਫਿਊ ਵਿਚ ਉਨ੍ਹਾਂ ਨੂੰ ਆਪਣੇ ਘਰਾਂ ਅੰਦਰ ਹੀ ਬੰਦ ਰਹਿਣਾ ਪਿਆ। ਇਸ ਦੌਰਾਨ ਇਨ੍ਹਾਂ ਦੀ ਕਿਸੇ ਨੇ ਵੀ ਸਾਰ ਨਹੀਂ ਲਈ। ਬੜੇ ਹੀ ਅੌਖੇ ਹੋ ਕੇ ਦਿਨ ਕੱਟੇ। ਉਨ੍ਹਾਂ ਕੈਂਪਟਨ ਸਰਕਾਰ ਤੋਂ ਮੰਗ ਕੀਤੀ ਕਿ ਨਲਕਿਆਂ ਦੇ ਕਿੱਤੇ ਨਾਲ ਜੁੜੇ ਗਰੀਬ ਮਜ਼ਦੂਰਾਂ ਨੂੰ ਹੋਰ ਭੁੱਖਮਰੀ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਵਿਸ਼ੇਸ਼ ਰਾਹਤ ਦਿੱਤੀ ਜਾਵੇ।