ਸਟਾਫ਼ ਰਿਪੋਰਟਰ, ਨਵਾਂਸ਼ਹਿਰ : ਪੁਲਿਸ ਥਾਣਾ ਅੌੜ ਵਿਖੇ ਇਕ ਕਥਿਤ ਟਰੈਵਲ ਏਜੰਟ ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਪਿੰਡ ਗੜ੍ਹਪਧਾਣਾ ਥਾਣਾ ਅੌੜ ਨੇ ਪੁਲਿਸ ਨੂੰ 23 ਸਤੰਬਰ 2019 ਨੂੰ ਦਿੱਤੀ ਦਰਖਾਸਤ ਵਿਚ ਕਿਹਾ ਹੈ ਕਿ ਕਥਿਤ ਟਰੈਵਲ ਏਜੰਟ ਅਨਿਲ ਕੁਮਾਰ ਪੁੱਤਰ ਮਦਨ ਲਾਲ ਵਾਸੀ ਪਿੰਡ ਕਾਲੂਪੁਰ ਨੇ ਉਸ ਨੂੰ ਵਿਦੇਸ਼ ਸਿੰਗਾਪੁਰ ਭੇਜਣ ਲਈ 50 ਹਜ਼ਾਰ ਰੁਪਏ ਲਏ ਸਨ, ਪਰ ਇੰਨਾ ਸਮਾਂ ਬੀਤ ਜਾਣ ਉਪਰੰਤ ਵੀ ਨਾ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਹਨ। ਦਰਖਾਸਤ ਦੀ ਪੜਤਾਲ ਈਓ ਵਿੰਗ ਵੱਲੋਂ ਕਰਨ ਉਪਰੰਤ ਉਪ ਕਪਤਾਨ ਪੁਲਿਸ (ਅੌਰਤਾਂ ਤੇ ਬੱਚਿਆਂ ਵਿਰੁੱਧ ਅਪਰਾਧ ਸ਼ਾਖਾ) ਸ਼ਭਸ ਨਗਰ ਵੱਲੋਂ ਕੀਤੀ ਗਈ ਸਿਫਾਰਸ਼ ਅਨੁਸਾਰ ਉਕਤ ਟਰੈਵਲ ਏਜੰਟ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।