ਸਟਾਫ਼ ਰਿਪੋਰਟਰ, ਨਵਾਂਸ਼ਹਿਰ : ਪੁਲਿਸ ਥਾਣਾ ਰਾਹੋਂ ਵਿਖੇ ਰੇਤ ਨਾਲ ਭਰੀ ਟਰਾਲੀ ਨੂੰ ਕਾਬੂ ਕਰ ਕੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਮਾਈਨਿੰਗ ਅਫ਼ਫਸਰ ਰਵਿੰਦਰ ਨੂੰ ਐੱਸਆਈ ਸਤਨਾਮ ਸਿੰਘ ਨੇ ਫੋਨ ਕਰਕੇ ਦੱਸਿਆ ਕਿ ਉਹ ਸਮੇਤ ਰੈਪਿਡ ਐਕਸ਼ਨ ਟੀਮ ਰਾਤ ਨੂੰ ਕੋਈ 9 ਕੁ ਵਜੇ ਮਾਈਨਿੰਗ ਦੀ ਚੈਕਿੰਗ ਸਬੰਧੀ ਮਿਰਜਾਪੁਰ ਲਿੰਕ ਰੋਡ 'ਤੇ ਜਾ ਰਹੇ ਸਨ, ਜਦੋਂ ਉਹ ਪਿੰਡ ਭਾਰਟਾ ਕਲਾਂ ਤੋਂ ਕਰੀਬ ਇਕ ਕਿਲੋਮੀਟਰ ਅੱਗੇ ਗਏ ਤਾਂ ਉਨ੍ਹਾਂ ਨੇ ਇਕ ਡਬਲ ਲਾਈਟ ਵਾਹਨ ਪਿੰਡ ਮਿਰਜਾਪੁਰ ਵੱਲੋਂ ਆਉਂਦਾ ਦੇਖਿਆ। ਨੇੜੇ ਆਉਣ 'ਤੇ ਟਾਰਚ ਦੀ ਲਾਈਟ ਨਾਲ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਵਾਹਨ ਨੂੰ ਰੋਕ ਕੇ ਉਸ ਦਾ ਚਾਲਕ ਹਨ੍ਹੇਰੇ ਦਾ ਫਾਇਦਾ ਉਠਾ ਕੇ ਭੱਜ ਗਿਆ। ਪੁਲਿਸ ਨੇ ਰੇਤ ਨਾਲ ਭਰੀ ਉਸ ਟਰਾਲੀ ਨੂੰ ਬਿਨਾਂ ਨੰਬਰੀ ਟ੍ਰੈਕਟਰ ਸਮੇਤ ਕਾਬੂ ਕਰ ਲਿਆ। ਮਾਈਨਿੰਗ ਅਫਸਰ ਵੱਲੋਂ ਦਿੱਤੀ ਦਰਖਾਸਤ ਦੇ ਅਧਾਰ 'ਤੇ ਅਣਪਛਾਤੇ ਟ੍ਰੈਕਟਰ ਚਾਲਕ ਦੇ ਖ਼ਿਲਾਫ਼ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ।