ਪ੍ਰਸ਼ੋਤਮ ਬੈਂਸ, ਨਵਾਂਸ਼ਹਿਰ : ਪੁਲਿਸ ਥਾਣਾ ਨਵਾਂਸ਼ਹਿਰ ਸਦਰ ਵਿਖੇ ਦੋ ਧਿਰਾਂ ਵਿਚਾਲੇ ਹੋਏ ਲੜਾਈ ਝਗੜੇ ਦਾ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਹੈ। ਸੂਤਰਾਂ ਅਨੁਸਾਰ ਸੁਖਵੀਰ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਪਿੰਡ ਚਰਾਣ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਬੀਤੀ 2 ਜੁਲਾਈ ਨੂੰ ਉਹ ਆਪਣੇ ਭਰਾ ਦਾਰਾ ਸਿੰਘ ਨਾਲ ਆਪਣੇ ਖੇਤਾਂ ਵਿਚ ਕੰਮ ਕਰ ਰਹੇ ਸਨ। ਉਨ੍ਹਾਂ ਦੇ ਨਾਲ ਲੱਗਦੇ ਖੇਤਾਂ ਵਿਚ ਉਨ੍ਹਾਂ ਦੇ ਪਿੰਡ ਦੇ ਕਰਤਾਰ ਸਿੰਘ ਅਤੇ ਉਸ ਦਾ ਲੜਕਾ ਕੁਲਵਿੰਦਰ ਸਿੰਘ ਵੀ ਕੰਮ ਕਰ ਰਹੇ ਸਨ, ਜਿਨ੍ਹਾਂ ਨੇ ਉਸ ਦੇ ਝੋਨੇ ਦੇ ਖੇਤ ਵਿਚ ਟ੍ਰੈਕਟਰ ਵਾੜ ਕੇ ਫਸਲ ਦਾ ਨੁਕਸਾਨ ਕੀਤਾ। ਜਦੋਂ ਉਨ੍ਹਾਂ ਨੂੰ ਅਜਿਹਾ ਕਰਨ ਬਾਰੇ ਪੁੱਿਛਆ ਤਾਂ ਉਹ ਗਾਲੀ ਗਲੋਚ ਕਰਦੇ ਹੋਏ ਆਪਣੇ ਘਰ ਨੂੰ ਚਲੇ ਗਏ। ਇਸ ਤੋਂ ਬਾਅਦ ਦਰਖਾਸਤ ਕਰਤਾ ਸੁਖਬੀਰ ਸਿੰਘ ਵੀ ਆਪਣੇ ਭਰਾ ਨਾਲ ਘਰ ਨੂੰ ਆ ਗਏ। ਜਦੋਂ ਉਹ ਗੇਟ ਖੋਲ੍ਹ ਕੇ ਅੰਦਰ ਵੜਨ ਲੱਗੇ ਤਾਂ ਕਰਤਾਰ ਸਿੰਘ, ਉਸ ਦੇ ਲੜਕੇ ਕੁਲਵਿੰਦਰ ਸਿੰਘ ਅਤੇ ਕਰਤਾਰ ਸਿੰਘ ਦੀ ਪਤਨੀ ਨਿਰਮਲਜੀਤ ਕੌਰ ਨੇ ਗੰਡਾਸੀ ਅਤੇ ਲੋਹੇ ਦੀ ਰਾਡ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੇ ਗੰਭੀਰ ਸੱਟਾਂ ਲੱਗ ਗਈਆਂ। ਪੁਲਿਸ ਵੱਲੋਂ ਦੋਹਾਂ ਧਿਰਾਂ ਦੇ ਬਿਆਨ ਲੈਣ ਉਪਰੰਤ ਮੁਲਜ਼ਮ ਕਰਤਾਰ ਸਿੰਘ, ਉਸ ਦੇ ਪੁੱਤਰ ਕੁਲਵਿੰਦਰ ਸਿੰਘ, ਪਤਨੀ ਨਿਰਮਲਜੀਤ ਕੌਰ ਅਤੇ ਕਰਾਸ ਕੇਸ 'ਚ ਦੋਸ਼ੀ ਦਰਖਾਸਤ ਕਰਤਾ ਸੁਖਬੀਰ ਸਿੰਘ, ਭਰਾ ਦਾਰਾ ਸਿੰਘ ਅਤੇ ਉਨ੍ਹਾਂ ਦੀ ਮਾਤਾ ਦਵਿੰਦਰ ਕੌਰ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਐੱਸਆਈ ਦਰਬਾਰਾ ਸਿੰਘ ਇੰਚਾਰਜ ਪੁਲਿਸ ਚੌਕੀ ਜਾਡਲਾ ਵੱਲੋਂ ਅਮਲ ਵਿਚ ਲਿਆਂਦੀ ਗਈ ਹੈ।