ਪ੍ਰਦੀਪ ਭਨੋਟ,ਨਵਾਂਸ਼ਹਿਰ : ਜ਼ਿਆਦਾ ਵਿਆਜ ਦੇਣ ਦਾ ਝਾਂਸਾ ਦੇਕੇ ਫਿਰੋਜ਼ਪੁਰ ਦੀਆਂ 3 ਕੰਪਨੀਆਂ ਦੇ ਅਧਿਕਾਰੀਆਂ ਨੇ 8 ਲੋਕਾਂ ਨਾਲ ਠੱਗੀ ਕੀਤੀ। ਨਵਾਂਸ਼ਹਿਰ ਸਿਟੀ ਪੁਲਿਸ ਨੇ ਤਿੰਨਾਂ ਕੰਪਨੀਆਂ ਦੇ ਨਾਲ ਨਾਲ ਇਨ੍ਹਾਂ ਦੇ 10 ਅਧਿਕਾਰੀਆਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਜਾਡਲਾ ਵਾਸੀ ਬਲਵੀਰ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਫਿਰੋਜ਼ਪੁਰ ਵਿਖੇ ਦਿੱਲੀ ਗੇਟ ਸਥਿਤ ਕੇਨ ਡਿਵੈੱਲਪਮੈਂਟ ਕੰਪਨੀ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਿਹਾ ਕਿ 500 ਰੁਪਏ ਪ੍ਰਰੀਤ ਮਹੀਨਾ 5 ਸਾਲ ਤੱਕ ਜਮ੍ਹਾ ਕਰਵਾਓ ਅਤੇ ਪੰਜਵੇਂ ਸਾਲ ਉਨ੍ਹਾਂ ਨੂੰ 45,000 ਰੁਪਏ ਦਿੱਤੇ ਜਾਣਗੇ। ਉਨ੍ਹਾਂ ਸਮੇਤ 8 ਹੋਰ ਲੋਕਾਂ ਨੇ ਕੰਪਨੀ ਵਿਚ ਪੈਸੇ ਲਗਾਉਣੇ ਸ਼ੁਰੂ ਕਰ ਦਿੱਤੇ। ਹਰ ਮਹੀਨੇ ਸਾਰੇ ਲੋਕ ਪਿੰਡ ਦੀ ਰਹਿਣ ਵਾਲੀ ਕਾਂਤਾ ਰਾਣੀ ਅਤੇ ਰਾਜਵਿੰਦਰ ਉਰਫ਼ ਰਾਜੂ ਨੂੰ ਉਸ ਦੇ ਘਰ ਪੈਸੇ ਦੇਕੇ ਜਾਂਦੇ ਸਨ ਅਤੇ ਲੋਕਾਂ ਨੂੰ ਕੰਪਨੀ ਵੱਲੋਂ ਜਾਰੀ ਕੀਤੀਆਂ ਰਸੀਦਾਂ ਦਿੱਤੀਆਂ ਜਾਂਦੀਆਂ ਸਨ। ਜਦੋਂ ਉਨ੍ਹਾਂ ਦੀ ਕਿਸ਼ਤ ਲੇਟ ਹੋ ਜਾਂਦੀ ਸੀ ਤਾਂ ਕਾਂਤਾ ਰਾਣੀ ਉਨ੍ਹਾਂ ਦੇ ਘਰ ਆ ਕੇ ਵਿਆਜ ਸਮੇਤ ਪੈਸੇ ਲੈਕੇ ਜਾਂਦੀ ਸੀ। ਕੰਪਨੀ ਦੇ ਸੌਰਵ ਕੁਮਾਰ, ਰਾਮ ਕੁਮਾਰ, ਸੋਮਾ ਰਾਣੀ, ਜਰਨੈਲ ਸਿੰਘ, ਸੁਰਿੰਦਰ ਕੌਰ, ਗਗਨਦੀਪ, ਸੁਨੀਤਾ ਰਾਣੀ, ਨਿਰਮਲ ਕੌਰ ਅਤੇ ਨੀਤੂ ਰਾਣੀ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਕੀਤੇ ਜਾ ਰਹੇ। ਸਾਰਿਆਂ ਨੇ ਇਸ ਸਬੰਧੀ ਪੁਲਿਸ ਅਧਿਕਾਰੀਆਂ ਤੋਂ ਕਾਰਵਾਈ ਕਰਨ ਦੀ ਦੀ ਮੰਗ ਕੀਤੀ ਹੈ। ਸ਼ਿਕਾਇਤ ਮਿਲਣ 'ਤੇ ਆਰਥਿਕ ਅਪਰਾਧ ਸ਼ਾਖਾ ਦੇ ਇੰਚਾਰਜ ਇੰਸਪੈਕਟਰ ਸਤਨਾਮ ਸਿੰਘ ਜਾਂਚ ਕਰਨ ਉਪਰੰਤ ਰਿਪੋਰਟ 'ਚ ਲਿਖਿਆ ਹੈ ਕਿ ਫਿਰੋਜ਼ਪੁਰ ਦੇ ਸੁਖਚੈਨ ਸਿੰਘ, ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ, ਯੋਗਰਾਜ ਸਿੰਘ, ਮਹਾਵੀਰ ਸਿੰਘ, ਰਾਜ ਕੁਮਾਰ, ਸੰਦੀਪ ਪੁਰੀ, ਕੇਨ ਇੰਨਫਰਾਟੇਕ ਦੇ ਐੱਮਡੀ, ਕੇਨ ਐਗਰੀਕਲਚਰ ਡਿਵੈੱਲਪਰਸ, ਕੇਨ ਐਗਰੋ ਕੋਆਅਪਰੇਟਿਵ ਸੁਸਾਇਟੀ ਨੇ ਨਿਰਮਲ ਕੌਰ ਤੋਂ 15000, ਬਲਵੀਰ ਕੌਰ ਤੋਂ 15000, ਬਖਸ਼ੋ ਤੋਂ 15000, ਸੁਰਿੰਦਰ ਕੌਰ 23,000, ਸੁਨੀਤਾ ਤੋਂ 40,000, ਜਰਨੈਲ ਸਿੰਘ ਤੋਂ 17,000, ਨੀਤੂ ਤੋਂ 15,000 ਅਤੇ ਸੋਮਾ ਤੋਂ 15,000 ਰੁਪਏ ਕਿਸ਼ਤਾਂ ਦੇ ਰੂਪ 'ਚ ਲਏ ਸਨ। ਉਨ੍ਹਾਂ ਕੰਪਨੀ ਸਮੇਤ 10 ਵਿਅਕਤੀਆਂ ਦੇ ਖਿਲਾਫ਼ ਸਾਜਿਸ਼ ਅਧੀਨ ਵਿਸ਼ਵਾਸ ਤੋੜਣ ਅਤੇ ਧੋਖਾਧੜੀ ਦਾ ਮਾਮਲਾ ਦਰਜ ਕਰਨ ਦੀ ਸਿਫਾਰਸ਼ ਕੀਤੀ। ਇਸ ਉਪਰੰਤ ਥਾਣਾ ਨਵਾਂਸ਼ਹਿਰ ਸਿਟੀ ਦੀ ਪੁਲਿਸ ਨੇ ਜਾਂਚ ਰਿਪੋਰਟ ਦੇ ਆਧਾਰ 'ਤੇ ਇਨ੍ਹਾਂ ਸਾਰੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲੇ ਤੱਕ ਪੁਲਿਸ ਵੱਲੋਂ ਕਿਸੇ ਨੂੰ ਵੀ ਗਿ੍ਫਤਾਰ ਨਹੀਂ ਕੀਤਾ ਗਿਆ।

-----------