ਜਗਤਾਰ ਮਹਿੰਦੀਪੁਰੀਆ ਬਲਾਚੌਰ : ਬਲਾਚੌਰ ਸ਼ਹਿਰ ਅੰਦਰ ਚੋਰਾਂ ਦੀ ਕਾਫ਼ੀ ਦਹਿਸ਼ਤ ਪਾਈ ਜਾ ਰਹੀ ਹੈ, ਜਿਨ੍ਹਾਂ ਨੇ ਲੋਕਾਂ ਦਾ ਨੱਕ 'ਚ ਦਮ ਕੀਤਾ ਹੋਇਆ ਹੈ। ਸਥਾਨਕ ਬਲਾਚੌਰ ਅੰਦਰ ਚੱਲ ਰਹੇ ਚੋਰ ਪੁਲਿਸ ਦੇ ਇਸ ਖੇਡ ਵਿਚ ਚੋਰਾਂ ਵੱਲੋਂ ਪੁਲਿਸ ਦੀਆਂ ਭਾਜੜਾਂ ਪੁਆਈਆਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਗਹੂੰਣ ਰੋਡ ਬਲਾਚੌਰ ਵਿਖੇ ਇਕ ਅਧਿਆਪਕ ਜੋੜੇ ਦੇ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕੀਤੀ ਗਈ ਸੀ। ਜਿਸ ਬਾਰੇ ਹੁਣ ਤਕ ਕੁਝ ਵੀ ਪਤਾ ਨਾ ਲੱਗ ਸਕਿਆ। ਬੀਤੇ ਦਿਨ ਫੇਰ ਇਕ ਚੋਰ ਵੱਲੋਂ ਅਗਲੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਗੋਪਾਲ ਦਾਸ ਜਦੋਂ ਆਪਣੇ ਕਿਸੇ ਕੰਮ ਲਈ ਬਲਾਚੌਰ ਦੇ ਵਾਰਡ ਨੰਬਰ 2 'ਚ ਸਵੇਰੇ 8 ਵਜੇ ਆਪਣਾ ਮੋਟਰਸਾਈਕਲ ਦਾ ਲੌਕ ਲਗਾ ਕੇ ਗਲੀ 'ਚ ਖੜ੍ਹਾ ਕਰਕੇ ਘਰ ਅੰਦਰ ਦਾਖਲ ਹੋ ਗਿਆ। ਵਾਪਸ ਆਉਣ 'ਤੇ ਉਸ ਨੇ ਦੇਖਿਆ ਕਿ ਉਸ ਦਾ ਮੋਟਰਸਾਈਕਲ ਗਲੀ 'ਚ ਖੜ੍ਹਾ ਨਹੀਂ ਸੀ। ਉੱਥੇ ਹੀ ਲੱਗੇ ਸੀਸੀਟੀਵੀ ਕੈਮਰੇ 'ਚ ਚੋਰੀ ਦੀ ਸਾਰੀ ਘਟਨਾ ਕੈਦ ਹੋ ਗਈ। ਸੀਸੀਟੀਵੀ ਕੈਮਰੇ ਦੀ ਫੁਟੇਜ਼ ਵੇਖਣ 'ਤੇ ਪਤਾ ਲੱਗਾ ਕਿ ਇਕ ਮੋਨਾ ਵਿਅਕਤੀ ਜਿਸ ਨੇ ਕਾਲੀ ਟੀ-ਸ਼ਰਟ ਜੀਨ ਤੇ ਮੂੰਹ ਤੇ ਰੁਮਾਲ ਬੰਨਿ੍ਹਆ ਹੋਇਆ ਸੀ, ਨੇ ਮੋਟਰਸਾਈਕਲ ਨੂੰ ਆਪਣੀ ਜੇਬ 'ਚੋਂ ਕੱਢ ਕੇ ਇਕ ਚਾਬੀ ਲਗਾਈ ਤੇ ਮੋਟਰਸਾਈਕਲ ਲੈਕੇ ਰਫੂ ਚੱਕਰ ਹੋ ਗਿਆ। ਪੀੜਤ ਗੋਪਾਲ ਦਾਸ ਨੇ ਤੁਰੰਤ ਇਸ ਦੀ ਸੂਚਨਾ ਸਿਟੀ ਪੁਲਸ ਨੂੰ ਦਿੱਤੀ ਅਤੇ ਖੁਦ ਵੀ ਆਪਣੇ ਮੋਟਰਸਾਈਕਲ ਦੀ ਇਧਰ ਉਧਰ ਭਾਲ ਕਰਨ ਲਗ ਪਏ। ਭਾਲ ਕਰਦਿਆਂ ਕਰੀਬ 12: 30 ਵਜੇ ਉਸ ਦਾ ਮੋਟਰਸਾਈਕਲ ਨੰਬਰ ਪੀਬੀ 20 ਏ -8254 ਉਸ ਸਥਾਨ ਤੋਂ ਕਾਫੀ ਦੂਰੀ 'ਤੇ ਖੜ੍ਹਾ ਮਿਲਿਆ ਤਾਂ ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੀੜਤ ਵੱਲੋਂ ਆਪਣੇ ਮੋਟਰਸਾਈਕਲ ਦੀ ਪੁਸ਼ਟੀ ਕੀਤੀ ਗਈ। ਪਰ ਚੋਰ ਮੋਟਰਸਾਈਕਲ ਛੱਡ ਕੇ ਫਰਾਰ ਹੋ ਚੁੱਕਾ ਸੀ। ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।