ਜਗਤਾਰ ਮਹਿੰਦੀਪੁਰੀਆ, ਬਲਾਚੌਰ : ਮਾਣਯੋਗ ਅਦਾਲਤ ਜੇਸੀਆਈਐੱਮ ਬਲਾਚੌਰ ਸੀਮਾ ਅਗਨੀਹੋਤਰੀ ਦੀ ਅਦਾਲਤ 'ਚ ਸ਼ਰਾਬ ਦੀ ਸਮੱਗਲਿੰਗ 'ਚ ਗਿ੍ਫਤਾਰ ਕਥਿਤ ਮੁਲਜ਼ਮ ਨੂੰ ਪੇਸ਼ ਕਰਨ ਉਪਰੰਤ ਪੁਲਿਸ ਥਾਣਾ ਪੋਜੇਵਾਲ ਵੱਲੋਂ ਹੋਰ ਪੁੱਛਗਿੱਛ ਲਈ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਥਾਣਾ ਪੋਜੇਵਾਲ ਦੇ ਏਐੱਸਆਈ ਸੁਰਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨਾਲ ਸ਼ੱਕੀ ਅਨਸਰਾਂ ਦੀ ਭਾਲ 'ਚ ਗਸ਼ਤ ਦੌਰਾਨ ਮੁਖਬਰ ਤੋਂ ਉਨ੍ਹਾਂ ਨੂੰ ਸੂਚਨਾ ਮਿਲੀ 'ਤੇ ਪਿੰਡ ਸਾਹਿਬਾ ਤੋਂ ਚੰਦਿਆਣੀ ਖੁਰਦ ਲਿੰਕ ਰੋਡ ਨੇੜੇ ਭੱਠਾ ਨਾਕਾਬੰਦੀ ਕੀਤੀ ਗਈ ਸੀ। ਇਸੇ ਦੌਰਾਨ ਉਨ੍ਹਾਂ ਵੱਲੋਂ ਇਕ ਇਨੋਵਾ ਕਾਰ ਨੰਬਰ ਪੀਬੀ-12-ਵਾਈ-2879 ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਕਾਰ ਵਿਚੋਂ 30 ਪੇਟੀਆਂ ਸ਼ਰਾਬ ਬਿਨਾ ਲੇਬਲ ਬਰਾਮਦ ਹੋਈਆਂ। ਜਿਸ ਬਾਰੇ ਕਾਰ ਸਵਾਰ ਕੋਈ ਵੀ ਮਨਜ਼ੂਰਸ਼ੁਦਾ ਪਰਮਿਟ ਨਹੀਂ ਵਿਖਾ ਸਕਿਆ। ਇਸ 'ਤੇ ਪੁਲਿਸ ਵੱਲੋਂ ਕਾਰ ਸਵਾਰ ਮੁਲਜ਼ਮ ਗੌਰਵ ਉਰਫ ਕਾਲਾ ਪਿੰਡ ਚੰਦਿਆਣੀ ਖੁਰਦ ਨੂੰ ਕਾਬੂ ਕਰ ਲਿਆ ਗਿਆ, ਜਦੋਂ ਕਿ ਗੰਜੂ ਫ਼ਰਾਰ ਹੋ ਗਿਆ। ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਗੌਰਵ ਉਰਫ ਕਾਲਾ ਨੂੰ ਅੱਜ ਮਾਣਯੋਗ ਅਦਾਲਤ ਬਲਾਚੌਰ ਵਿਚ ਪੇਸ਼ ਕੀਤਾ। ਜਿੱਥੇ ਕਿ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਲਈ ਤਿੰਨ ਦਿਨ ਦਾ ਰਿਮਾਂਡ ਦਿੱਤਾ ਗਿਆ ਹੈ। ਇਸ ਮੌਕੇ ਇੰਸਪੈਕਟਰ ਰਘੁਵੀਰ ਸਿੰਘ, ਏਐੱਸਆਈ ਰਾਮ ਸਿੰਘ ਅਤੇ ਐੱਚਸੀ ਰਾਕੇਸ਼ ਕੁਮਾਰ, ਏਐੱਸਆਈ ਕੁਲਵੀਰ ਸਿੰਘ, ਪਰਮਜੀਤ ਪਨੇਸਰ ਆਦਿ ਵੀ ਹਾਜ਼ਰ ਸਨ।