ਪ੍ਰਦੀਪ ਭਨੋਟ, ਨਵਾਂਸ਼ਹਿਰ : ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿਚ ਸ਼ਾਮਲ ਚਾਰ ਵਿਧਾਨ ਸਭਾ ਹਲਕਿਆਂ ਗੜ੍ਹਸ਼ੰਕਰ, ਬੰਗਾ, ਨਵਾਂਸ਼ਹਿਰ ਅਤੇ ਬਲਾਚੌਰ 'ਚ ਪਈਆਂ ਵੋਟਾਂ ਦੀ ਅੱਜ ਸਵੇਰੇ 8 ਵਜੇ ਦੋਆਬਾ ਕਾਲਜ ਛੋਕਰਾਂ (ਰਾਹੋਂ) ਵਿਖੇ ਹੋ ਰਹੀ ਗਿਣਤੀ ਵਾਸਤੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਵੋਟਾਂ ਦੀ ਗਿਣਤੀ ਪੂਰੀ ਨਿਰਪੱਖਤਾ ਅਤੇ ਸਾਵਧਾਨੀ ਨਾਲ ਚੋਣ ਕਮਿਸ਼ਨ ਵੱਲੋਂ ਤਾਇਨਾਤ ਦੋ ਗਿਣਤੀ ਨਿਗਰਾਨਾਂ ਦੇਵੀ ਦਾਸ ਹਲਕਾ ਗੜ੍ਹਸ਼ੰਕਰ ਅਤੇ ਬੰਗਾ ਅਤੇ ਰਾਮ ਅਵਤਾਰ ਮੀਨਾ ਨਵਾਂਸ਼ਹਿਰ ਅਤੇ ਬਲਾਚੌਰ ਹਲਕਿਆਂ ਦੇ ਕਾਊਂਟਿੰਗ ਅਬਜ਼ਰਵਰ ਵਜੋਂ ਡਿਊਟੀ ਨਿਭਾਉਣਗੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਿਨੈ ਬੁਬਲਾਨੀ ਨੇ ਜ਼ਿਲ੍ਹੇ ਦੇ ਤਿੰਨਾਂ ਹਲਕਿਆਂ ਨਾਲ ਸਬੰਧਤ ਕਾਊਂਟਿੰਗ ਟੀਮਾਂ ਦੀ ਹਲਕਾਵਾਰ ਰੈਂਡੇਮਾਈਜ਼ੇਸ਼ਨ ਕਰਨ ਬਾਅਦ ਕੀਤਾ। ਉਨ੍ਹਾਂ ਦੱਸਿਆ ਕਿ ਹਰੇਕ ਹਲਕੇ 'ਚ 17-17 ਕਾਊਂਟਿੰਗ ਟੀਮਾਂ ਲਾਈਆਂ ਗਈਆਂ ਹਨ, ਜਿਨ੍ਹਾਂ 'ਚੋਂ 14-14 ਕਾਊਂਟਿੰਗ ਹਾਲ 'ਚ ਅਤੇ 3-3 ਰਾਖਵੀਂਆਂ ਹੋਣਗੀਆਂ। ਇਨ੍ਹਾਂ ਗਿਣਤੀ ਟੀਮਾਂ ਨੂੰ ਸਵੇਰੇ 6 ਵਜੇ ਆਪਣੇ ਹਲਕੇ ਨਾਲ ਸਬੰਧਤ ਕਾਊਂਟਿੰਗ ਹਾਲ ਵਿਖੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਬੰਗਾ ਅਤੇ ਬਲਾਚੌਰ ਦੇ 14-14 ਗਿਣਤੀ ਦੇ ਰਾਊਂਡ, ਨਵਾਂਸ਼ਹਿਰ ਦੇ 15 ਅਤੇ ਗੜ੍ਹਸ਼ੰਕਰ ਦੇ 17 ਰਾਊਂਡ ਹੋਣਗੇ। ਇਨ੍ਹਾਂ ਚਾਰਾਂ ਹਲਕਿਆਂ ਦੀ ਗਿਣਤੀ ਲਈ ਵੱਖੋ-ਵੱਖਰੇ ਕਾਊਂਟਿੰਗ ਹਾਲ ਹੋਣਗੇ। ਜ਼ਿਲ੍ਹਾ ਚੋਣ ਅਫ਼ਸਰ ਅਨੁਸਾਰ ਗੜ੍ਹਸ਼ੰਕਰ ਹਲਕੇ ਦੇ 227 ਚੋਣ ਬੂਥਾਂ, ਬੰਗਾ ਦੇ 196, ਨਵਾਂਸ਼ਹਿਰ ਦੇ 206 ਅਤੇ ਬਲਾਚੌਰ ਦੇ 190 ਚੋਣ ਬੂਥਾਂ 'ਤੇ ਹੋਏ ਮਤਦਾਨ ਦੀ ਗਿਣਤੀ ਕੀਤੀ ਜਾਵੇਗੀ। ਗਿਣਤੀ ਸਟਾਫ਼ ਵਿਚ ਇਕ ਮਾਈਕ੍ਰੋ ਅਬਜ਼ਰਵਰ, ਇਕ ਗਿਣਤੀ ਸਹਾਇਕ ਅਤੇ ਇਕ ਗਿਣਤੀ ਸੁਪਰਵਾਈਜ਼ਰ 'ਤੇ ਅਧਾਰਿਤ ਟੀਮ ਪ੍ਰਤੀ ਟੇਬਲ ਲਾਈ ਜਾਵੇਗੀ। ਇਨ੍ਹਾਂ ਗਿਣਤੀ ਅਮਲੇ ਨੂੰ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਡਿਊਟੀਆਂ ਸੌਂਪਣ ਦੇ ਨਾਲ ਆਖਰੀ ਰੀਹਰਸਲ ਵੀ ਕਰਵਾਈ ਗਈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਮਸ਼ੀਨ 'ਚ ਗਿਣਤੀ ਦੌਰਾਨ ਕੋਈ ਸਮੱਸਿਆ ਆਉਂਦੀ ਹੈ ਤਾਂ ਗਿਣਤੀ ਕੇਂਦਰ ਵਿਖੇ ਮੌਜੂਦ ਈਵੀਐਮ ਇੰਜੀਨੀਅਰ ਇਸ ਨੂੰ ਤੁਰੰਤ ਦੇਖਣਗੇ। ਇਸ ਮੌਕੇ ਰੂਪਨਗਰ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਜਗਵਿੰਦਰਜੀਤ ਸਿੰਘ ਗਰੇਵਾਲ ਵੀ ਹਾਜ਼ਰ ਸਨ।