ਪ੍ਰਸ਼ੋਤਮ ਬੈਂਸ, ਨਵਾਂਸ਼ਹਿਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਰੰਭੇ ਮਿਸ਼ਨ ਤਹਿਤ ਕੋਰੋਨਾ ਨੂੰ ਹਰਾਉਣ ਦੀ ਜੰਗ ਲਗਾਤਾਰ ਸੂਬੇ ਭਰ 'ਚ ਜਾਰੀ ਹੈ। ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਜਿਵੇਂ ਮਾਸਕ ਪਾਉਣਾ, ਸਮਾਜਿਕ ਵਿੱਥ ਰੱਖਣਾ ਅਤੇ ਵਾਰ ਵਾਰ ਹੱਥ ਧੋਣ ਬਾਰੇ ਪ੍ਰਰੇਰਿਤ ਕਰਨ ਲਈ ਇਕ ਜਾਗਰੂਕਤਾ ਮੁਹਿੰਮ ਵਿੱਢੀ ਹੋਈ ਹੈ। ਇਸ ਤਹਿਤ ਪੂਰੇ ਸੂਬੇ 'ਚ ਲੋਕ ਕੋਵਿਡ-19 ਦੀਆਂ ਸਾਵਧਾਨੀਆਂ ਅਪਣਾ ਰਹੇ ਹਨ। ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦਸਿਆ ਕਿ ਜਿੱਥੇ ਸਿਹਤ ਵਿਭਾਗ ਵੱਲੋਂ ਕੋਵਿਡ ਦੀ ਟੈਸਟਿੰਗ ਪੂਰੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ, ਉੱਥੇ ਸਿਹਤ ਵਿਭਾਗ ਦੇ ਆਸ਼ਾ ਵਰਕਰ ਘਰ-ਘਰ ਜਾ ਕੇ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਦੱਸ ਰਹੇ ਹਨ। ਇਸ ਦੇ ਨਾਲ ਹੀ ਆਂਗਨਵਾੜੀ ਵਰਕਰਾਂ ਵੱਲੋਂ ਵਧੀਕ ਪੌਸ਼ਟਿਕ ਅਹਾਰ ਦੀ ਨਿਰੰਤਰ ਵੰਡ, ਗਰਭਵਤੀ ਅੌਰਤਾਂ ਅਤੇ ਦੁੱਧ ਪੁਲਾਉਣ ਵਾਲੀਆਂ ਮਾਵਾਂ ਅਤੇ ਛੋਟੇ ਬੱਚਿਆਂ ਨੂੰ ਕਰੋਨਾ ਮਹਾਮਾਰੀ ਤੋਂ ਬਚਾਅ ਦੇ ਤਰੀਕੇ ਦੱਸੇ ਜਾ ਰਹੇ ਹਨ। ਬਜ਼ੁਰਗਾਂ ਨੂੰ ਵੀ ਬੇਲੋੜੀ ਮੂਵਮੈਂਟ ਤੋਂ ਪਰਹੇਜ਼ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਸਾਰੇ ਉਪ ਮੰਡਲਾਂ 'ਚ ਉੱਪ ਮੰਡਲ ਮੈਜਿਸਟ੍ਰੇਟ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਵਿਸ਼ੇਸ਼ ਜਾਗਰੂਕਤਾ ਅਭਿਆਨ ਚਲਾ ਰਹੇ ਹਨ। ਲੋਕਾਂ ਨੂੰ ਆਲੇ-ਦੁਆਲੇ ਸਾਫ ਰੱਖਣ ਲਈ ਪ੍ਰਰੇਰਿਤ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਨਜੀਓਜ਼ ਅਤੇ ਹੋਰ ਸਮਾਜਿਕ ਸੰਗਠਨਾਂ ਨੂੰ ਵੀ ਇਸ ਮਿਸ਼ਨ ਤਹਿਤ ਪੇ੍ਰਿਤ ਕੀਤਾ ਗਿਆ ਹੈ। ਜਿਨ੍ਹਾਂ ਨੇ ਕਰੋਨਾ ਯੋਧਿਆਂ ਦੇ ਤੌਰ 'ਤੇ ਕੰਮ ਕਰਦੇ ਹੋਏ, ਜਿਨ੍ਹਾਂ ਨੇ ਲੋਕਾਂ ਨੂੰ ਕੋਵਿਡ-19 ਤੋਂ ਬੱਚਣ ਸਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੁਖੀ ਅਲਕਾ ਮੀਨਾ ਦੀ ਅਗਵਾਈ ਵਿਚ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਕੋਰੋਨਾ ਯੋਧਿਆਂ ਦੇ ਤੌਰ 'ਤੇ ਕੰਮ ਕਰ ਰਹੇ ਹਨ। ਸਫ਼ਾਈ ਕਰਮਚਾਰੀ ਵੀ ਇਸ ਦੌਰ 'ਚ ਪੂਰੀ ਲਗਨ ਅਤੇ ਮਿਹਨਤ ਨਾਲ ਸੇਵਾਦੀ ਭਾਵਨਾ ਨਾਲ ਕੰਮ ਕਰ ਰਹੇ ਹਨ। ਸਰਕਾਰ ਵੱਲੋਂ ਵੱਖ-ਵੱਖ ਪ੍ਰਚਾਰ ਸਾਧਨਾਂ ਰਾਹੀਂ ਕੋਵਿਡ ਤੋਂ ਬਚਾਅ ਦੇ ਲਈ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਹੈ।