ਪ੍ਰਦੀਪ ਭਨੋਟ,ਨਵਾਂਸ਼ਹਿਰ : ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ 'ਚੋਂ ਐਤਵਾਰ ਨੂੰ ਇਕ ਹੋਰ ਮਰੀਜ਼ ਦੇ ਬਾਹਰ ਆਉਣ ਨਾਲ ਜ਼ਿਲ੍ਹੇ 'ਚ ਕੋਰੋਨਾ 'ਤੇ ਫ਼ਤਿਹ ਹਾਸਲ ਕਰਨ ਵਾਲਿਆਂ ਦੀ ਗਿਣਤੀ 17 'ਤੇ ਪੁੱਜ ਗਈ। ਅੱਜ ਮਾਤਾ ਪ੍ਰਰੀਤਮ ਕੌਰ (72) ਜਦੋਂ ਆਈਸੋਲੇਸ਼ਨ ਵਾਰਡ 'ਚੋਂ ਬਾਹਰ ਆਏ ਤਾਂ ਐਂਬੂਲੈਂਸ ਤਕ ਆਉਂਦਿਆਂ ਹੀ ਉਨ੍ਹਾਂ ਨਮ ਅੱਖਾਂ ਨਾਲ ਹਸਪਤਾਲ ਦੇ ਸਟਾਫ਼ ਲਈ ਅਸੀਸਾਂ ਦੀ ਝੜੀ ਲਗਾ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਜੋ ਹੌਂਸਲਾ ਜ਼ਿੰਦਗੀ ਦੀ ਲੜਾਈ ਲੜਨ ਦਾ ਹਸਪਤਾਲ ਦੇ ਸਟਾਫ਼ ਤੋਂ ਮਿਲਿਆ, ਉਸ ਦਾ ਬਿਆਨ ਸ਼ਬਦਾਂ ਤੋਂ ਪਰੇ ਹੈ। ਜ਼ਿਕਰਯੋਗ ਹੈ ਕਿ ਬੀਬੀ ਪ੍ਰਰੀਤਮ ਕੌਰ ਜੋ ਪਠਲਾਵਾ ਦੇ ਸਰਪੰਚ ਹਰਪਾਲ ਸਿੰਘ ਦੇ ਮਾਤਾ ਹਨ, ਬੀਤੀ 26 ਮਾਰਚ ਨੂੰ ਆਪਣਾ ਕੋਰੋਨਾ ਦਾ ਟੈਸਟ ਪਾਜ਼ੇਟਿਵ ਆਉਣ ਬਾਅਦ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ 'ਚ ਲਿਆਂਦੇ ਗਏ ਸਨ। ਉਪਰੰਤ ਡਿਪਟੀ ਕਮਿਸ਼ਨਰ ਵਿਨੈ ਬੁਬਲਾਨੀ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਹੁਣ ਸਿਰਫ਼ ਇਕੋ ਮਰੀਜ਼ ਹੀ ਰਹਿ ਗਿਆ ਹੈ, ਜਿਸ ਦਾ ਅਗਲੇ ਦੋ ਦਿਨਾਂ 'ਚ ਟੈਸਟ ਕਰਵਾਇਆ ਜਾਵੇਗਾ। ਇਹ ਮਰੀਜ਼ ਸਵਰਗੀ ਬਲਦੇਵ ਸਿੰਘ ਦੇ ਪਰਿਵਾਰ ਨਾਲ ਹੀ ਸਬੰਧਤ ਹੈ ਅਤੇ ਉਸ ਦੀ ਹਾਲਤ ਬਿਲਕੁਲ ਠੀਕ ਹੈ। ਹਸਪਤਾਲ ਦੇ ਸਟਾਫ਼ ਵੱਲੋਂ ਅੱਜ ਮਾਤਾ ਪ੍ਰਰੀਤਮ ਕੌਰ ਨੂੰ ਫੁੱਲ ਦੇ ਕੇ ਹਸਪਤਾਲ ਤੋਂ ਵਿਦਾ ਕੀਤਾ ਅਤੇ ਉਨ੍ਹਾਂ ਨੂੰ 14 ਦਿਨ ਘਰ ਹੀ ਕੁਆਰੰਟਾਈਨ ਰਹਿਣ ਦੀ ਤਾਕੀਦ ਕੀਤੀ ਗਈ। ਅੰਤ ਵਿਚ ਐਸਐੱਮਓ ਡਾ. ਹਰਵਿੰਦਰ ਸਿੰਘ ਨੇ 17ਵੇਂ ਮਰੀਜ਼ ਦੇ ਆਈਸੋਲੇਸ਼ਨ ਵਾਰਡ 'ਚੋਂ ਬਾਹਰ ਆਉਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਇਨ੍ਹਾਂ 17 'ਚੋਂ ਸਿਆਣੀ ਉਮਰ ਵਾਲੇ ਤਿੰਨ ਮਰੀਜ਼ ਬਿਲਕੁਲ ਤੰਦਰੁਸਤ ਰਹੇ ਅਤੇ ਸਿਹਤਯਾਬ ਹੋ ਕੇ ਘਰ ਪਰਤੇ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਬੀਰ ਸਿੰਘ ਪੱਲੀਿਝੱਕੀ, ਹਸਪਤਾਲ ਦੇ ਡਾਕਟਰ ਅਤੇ ਸਮੁੱਚਾ ਸਟਾਫ਼ ਵੀ ਹਾਜ਼ਰ ਸੀ।

ਆਪਣੀ ਭੈਣ ਦੇ ਠੀਕ ਹੋਣ ਦੀ ਖੁਸ਼ੀ ਸਾਂਝੀ ਕਰਨ ਵਿਸ਼ੇਸ਼ ਤੌਰ 'ਤੇ ਹਸਪਤਾਲ ਪੁੱਜੇ ਭਰਾ ਅਜਾਇਬ ਸਿੰਘ ਹਸਪਤਾਲ ਦੇ ਸਟਾਫ਼ ਦੀ ਸੇਵਾ ਭਾਵਨਾ ਤੋਂ ਇੰਨੇ ਖੁਸ਼ ਹੋਏ ਕਿ ਤੁਰੰਤ ਆਪਣੀ ਇਕ ਮਹੀਨੇ ਦੀ ਪੈਨਸ਼ਨ (40 ਹਜ਼ਾਰ ਰੁਪਏ) ਹਸਪਤਾਲ ਦੇ ਐੱਸਐੱਮਓ ਹਰਪਾਲ ਸਿੰਘ ਨੂੰ ਚੈੱਕ ਦੇ ਰੂਪ 'ਚ ਸੌਂਪ ਦਿੱਤੀ।