ਅਮਰੀਕ ਕਟਾਰੀਆ, ਮੁਕੰਦਪੁਰ : ਅੱਜ ਚੋਣਾਂ ਦਾ ਦੌਰ ਚੱਲ ਰਿਹਾ ਹੈ। ਪੰਜਾਬ ਦੀਆਂ ਸਿਆਸੀ ਪਾਰਟੀਆਂ ਸੱਤਾ ਵਿਚ ਆਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ। ਇੱਥੋਂ ਤਕ ਕਿ ਵੋਟਰਾਂ ਨੂੰ ਭਰਮਾਉਣ ਲਈ ਬਿਜਲੀ ਦੀਆਂ ਸਸਤੀਆਂ ਦਰਾਂ, ਮੁਫ਼ਤ ਬਿਜਲੀ, ਅੌਰਤਾਂ ਨੂੰ ਦੋ ਹਜ਼ਾਰ ਰੁਪਏ, ਅੱਠ ਸਲੰਡਰ ਮੁਫ਼ਤ ਦੇਣ ਦੇ ਲਾਰੇ ਲਾਏ ਜਾ ਰਹੇ ਹਨ। ਪੰਜਾਬ ਵਿਚ ਉਦਯੋਗਿਕ ਇਕਾਈਆਂ ਲਗਵਾਉਣ, ਰੁਜ਼ਗਾਰ ਦੇਣ ਅਤੇ ਵਿਦੇਸ਼ਾਂ 'ਚ ਪੜ੍ਹਣ ਭੇਜਣ ਲਈ 5 ਲੱਖ ਦੇ ਕਰਜ਼ੇ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ, ਪਰ 2017 'ਚ ਜਿੱਤ ਕੇ ਆਏ ਬੰਗਾ ਵਿਧਾਇਕ ਡਾ. ਐੱਸ ਕੇ ਸੁੱਖੀ ਵੱਲੋਂ ਇਲਾਕੇ ਦੇ ਵਿਕਾਸ ਕਾਰਜ਼ਾਂ ਨੂੰ ਅਣਗੌਲਿਆ ਕਰਦਿਆਂ ਸੱਤਾਧਾਰੀ ਕਾਂਗਰਸ ਸਰਕਾਰ ਵੱਲੋਂ ਗ੍ਾਂਟਾਂ ਨਾ ਦੇਣ ਦਾ ਦੋਸ਼ ਲਗਾਉਂਦੇ ਰਹੇ ਜਿਸ ਕਾਰਨ ਮੁਕੰਦਪੁਰ ਇਲਾਕੇ ਦੀਆਂ ਖਸਤਾਹਾਲ ਸੜਕਾਂ 'ਤੇ ਡਿੱਗ ਕੇ ਕਈ ਲੋਕ ਆਪਣੀਆਂ ਲੱਤਾਂ ਬਾਹਾਂ ਤੁੜਵਾ ਚੁੱਕੇ ਹਨ ਅਤੇ ਕਈ ਹਸਪਤਾਲਾਂ 'ਚ ਜ਼ੇਰੇ ਇਲਾਜ ਹਨ ਪਰ ਇੰਨਾਂ੍ਹ ਖਸਤਾਹਾਲ ਸੜਕਾਂ ਦੀ ਕੋਈ ਵੀ ਸਾਰ ਨਹੀਂ ਲੈ ਰਿਹਾ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਮੁਕੰਦਪੁਰ ਦੇ ਅੰਦਰ ਵਾਲੀਆਂ ਸੜਕਾਂ ਬੁਰੀ ਤਰ੍ਹਾਂ ਟੁੱਟੀਆਂ ਹਨ। ਕਈ ਵਾਰੀ ਉੱਚ ਅਧਿਕਾਰੀਆਂ ਨੂੰ ਮਿਲ ਕੇ ਇਹ ਸੜਕਾਂ ਬਣਾਉਣ ਦੀ ਮੰਗ ਕਰ ਚੁੱਕੇ ਹਨ ਪਰ ਕਿਸੇ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ ਹੈ। ਮੁਕੰਦਪੁਰ ਬੱਸ ਸਟੈਂਡ ਤੋਂ ਤਲਵੰਡੀ ਪੁਲ ਤਕ ਸੜਕ ਦਾ ਜੋ ਬੁਰਾ ਹਾਲ ਹੈ, ਸਿਰਫ਼ ਨਾ ਦੀ ਸੜਕ ਹੈ, ਉਂਝ ਸੜਕ ਉੱਪਰ ਨਾ ਤਾਂ ਪ੍ਰਰੀਮਿਕਸ ਹੈ ਨਾ ਹੀ ਤਾਰਕੋਲ। ਇਸੇ ਸੜਕ ਤੋਂ ਤਲਵੰਡੀ ਫੱਤੂ ਦੇ ਦੋ ਨੋਜਵਾਨ ਡਿੱਗ ਕੇ ਬੁਰੀ ਤਰਾਂ੍ਹ ਜ਼ਖ਼ਮੀ ਹੋ ਚੁੱਕੇ ਹਨ। ਤਲਵੰਡੀ ਪੁਲ ਤੋਂ ਜਗਤਪੁਰ ਜਾਣ ਵਾਲੀ ਸੜਕ ਦਾ ਵੀ ਬੁਰਾ ਹਾਲ ਹੈ। ਇਸ ਤੋਂ ਵੱਧ ਮੁਕੰਦਪੁਰ ਸ਼ਹਿਨਸ਼ਾਹ ਗੇਟ ਤੋਂ ਹਕੀਮਪੁਰ ਚੈੱਕ ਪੁਆਇੰਟ ਤਕ ਸੜਕ ਵੀ ਬੁਰੀ ਤਰਾਂ੍ਹ ਟੁੱਟੀ ਹੋਈ ਹੈ। ਮੁਕੰਦਪੁਰ ਤੋਂ ਚੱਕਦਾਨਾ ਰੋਡ ਹੱਥੋਂ ਨਿਕਲਦਾ ਜਾ ਰਿਹਾ ਹੈ ਪਰ ਕੋਈ ਇਸ ਪਾਸੇ ਧਿਆਨ ਨਹੀਂ ਦੇ ਰਿਹਾ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਸੜਕਾਂ ਦੀ ਮੁਰੰਮਤ ਕਰਵਾਉਣ ਦੀ ਮੰਗ ਕਰ ਰਹੇ ਹਨ ਪਰ ਵਿਧਾਇਕ, ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਦਾ ਇਸ ਵੱਲ ਧਿਆਨ ਨਹੀਂ ਹੈ।