ਪ੍ਰਦੀਪ ਭਨੋਟ, ਨਵਾਂਸ਼ਹਿਰ : ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਕੰਢੀ ਖੇਤਰ ਵਿਚ ਖੇਤੀਬਾੜੀ ਕਾਲਜ ਬੱਲੋਵਾਲ ਸੌਖੜੀ ਦਾ ਨੀਂਹ ਪੱਥਰ ਰੱਖਣ ਲਈ ਕਰਵਾਏ ਸਮਾਗਮ ਦੌਰਾਨ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਖੁਸ਼ੀ ਦਾ ਦਿਨ ਹੈ ਕਿਉਕਿ ਜਦੋਂ ਵੀ ਡਿਵੈਲਪਮੈਂਟ ਹੁੰਦੀ ਹੈ ਉਸ ਏਰੀਆ ਦੇ ਭਾਗ ਜਾਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਨੇ ਕੰਢੀ ਬੈਲਟ ’ਤੇ ਧਿਆਨ ਨਹੀਂ ਦਿੱਤਾ। ਕਾਂਗਰਸ ਸਰਕਾਰ ਪਹਿਲੀ ਵਾਰ ਇਥੇ ਖੇਤੀਬਾੜੀ ਕਾਲਜ ਬਣਾਉਣ ਜਾ ਰਹੀ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਅਧੀਨ ਬਣਾਏ ਜਾ ਰਹੇ ਖੇਤੀਬਾੜੀ ਕਾਲਜ ਦੀ ਤਰਜ਼ ’ਤੇ ਪੰਜਾਬ ਦੇ ਵੱਖ-ਵੱਖ ਏਰੀਆ ਵਿਚ ਅਜਿਹੇ ਕਾਲਜ ਖੋਲ੍ਹੇ ਜਾਣਗੇ ਤਾਂ ਜੋ ਬੱਚੇ ਖੇਤੀਬਾੜੀ ਨਾਲ ਸਬੰਧਤ ਵਿਦਿਆ ਹਾਂਸਲ ਕਰਕੇ ਦੇਸ਼ ਅਤੇ ਵਿਦੇਸ਼ਾਂ ਵਿਚ ਆਪਣੇ ਹਲਕੇ ਦਾ ਨਾਂਅ ਰੌਸ਼ਨ ਕਰ ਸਕਣ। ਕੈਪਟਨ ਅਮਰਿੰਦਰ ਸਿੰਘ ਨਵਾਂਸ਼ਹਿਰ ਜ਼ਿਲ੍ਹੇ 'ਚ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨਵਾਂਸ਼ਹਿਰ ਦੇ ਬੱਲੋਵਾਲ ਸੌਂਖੜੀ 'ਚ ਕੰਡੀ ਇਲਾਕੇ ਦੇ ਕਿਸਾਨਾਂ ਲਈ ਵੱਡਾ ਐਲਾਨ ਕੀਤਾ। ਉਨ੍ਹਾਂ ਇਸ ਹਲਕੇ 'ਚ ਫ਼ਸਲਾਂ ਨੂੰ ਜੰਗਲੀ ਜਾਨਵਰਾਂ ਵੱਲੋਂ ਉਜਾੜੇ ਤੋਂ ਬਚਾਉਣ ਲਈ ਕੰਡਿਆਲੀਆਂ ਤਾਰਾਂ ਲਾਉਣ ਵਾਸਤੇ ਹੁਣ 90 ਫ਼ੀਸਦ ਸਬਸਿਡੀ ਦੇਣ ਦਾ ਐਲਾਨ ਕੀਤਾ। ਪਹਿਲਾਂ 50 ਫ਼ੀਸਦ ਸਬਸਿਡੀ ਦਿੱਤੀ ਜਾਂਦੀ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਵਧਾ ਕੇ 90 ਫ਼ੀਸਦ ਕਰਨ ਦਾ ਐਲਾਨ ਕੀਤਾ ਹੈ। ਉਹ ਬੱਲੋਵਾਲ ਸੌਂਖੜੀ 'ਚ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।

ਖੇਤੀਬਾੜੀ ਕਾਨੂੰਨ ਬਣਾਉਣ ਸਮੇਂ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਸਨ : ਕੈਪਟਨ

ਪ੍ਰਕਾਸ਼ ਸਿੰਘ ਬਾਦਲ ਕਹਿ ਰਹੇ ਸਨ ਕਿ ਇਸ ਵਿਚ ਕੋਈ ਨੁਕਸ ਨਹੀਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਕੇਂਦਰ ਸਰਕਾਰ ਵਿਚ ਕਾਲੇ ਕਾਨੂੰਨ ਬਣਾਏ ਜਾ ਰਹੇ ਸੀ ਉਦੋਂ ਅਕਾਲੀਆਂ ਦੀ ਹਿਮਾਇਤੀ ਹਰਸਿਮਰਤ ਕੌਰ ਕੇਂਦਰੀ ਮੰਤਰੀ ਸੀ। ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਵਿਚ ਕੋਈ ਨੁਕਸ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਕੱਲੀ ਕਾਂਗਰਸ ਪਾਰਟੀ ਨੇ ਪਹਿਲਾ ਤੋਂ ਇੰਨ੍ਹਾਂ ਕਾਲੇ ਕਾਨੂੰਨਾਂ ਦੀ ਮੁਖਾਲਫਤ ਕੀਤੀ। ਇਸ ਬਾਰੇ ਆਲ ਪਾਰਟੀ ਮੀਟਿੰਗ ਸੱਦੀ ਜਿਸ ਵਿਚ ਪਹਿਲਾ ਅਕਾਲੀਆਂ ਨੇ ਸ਼ਮੂਲੀਅਤ ਕੀਤ ਪਰ ਦੂਜੀ ਵਾਰ ਅਕਾਲੀ ਮੀਟਿੰਗ ਵਿਚ ਹੀ ਨਹੀਂ ਆਏ। ਕਾਂਗਰਸ ਨੇ ਕਿਸਾਨਾਂ ਨਾਲ ਮੀਟਿੰਗ ਕਰਕੇ ਇਸ ਕਾਨੂੰਨ ਨੂੰ ਪੰਜਾਬ ਵਿਚ ਰੱਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅੱਜ ਅਕਾਲੀ ਪਲਟਾ ਮਾਰ ਗਏ ਹਨ। ਅੱਜ ਇਕੱਠ ਕਰਨੇ ਨੇ ਜਦੋਂ ਵੇਲਾ ਸੀ ਉਦੋਂ ਕਿਸਾਨੀ ਨੂੰ ਲੋੜ ਸੀ ਉਦੋਂ ਕਿਥੇ ਸੀ। ਇਹ ਡਬਲ ਗੇਮਾ ਬਾਰੇ ਲੋਕਾਂ ਚੰਗੀ ਤਰ੍ਹਾਂ ਜਾਣਦੇ ਹਨ। ਹੁਣ ਅਕਾਲੀਆਂ ਕੋਲ ਕਹਿਣ ਨੂੰ ਕੁੱਝ ਨਹੀਂ ਹੈ।

128ਵੀਂ ਵਾਰ ਸੋਧ ਕਰਕੇ ਕਾਲੇ ਕਾਨੂੰਨ ਨੂੰ ਬਦਲੇ ਕੇਂਦਰ ਸਰਕਾਰ

ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਜੋ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ 1950 ਵਿਚ ਬਣੇ ਸੰਵਿਧਾਨ ਵਿਚ ਉਦੋਂ ਤੋਂ ਲੈ ਕੇ ਅੱਜ ਤੱਕ 127 ਵਾਰ ਤਬਦੀਲੀ ਲਿਆਂਦੀ ਗਈ। ਪਾਰਲੀਮੈਂਟ ਵਿਚ ਸੰਵਿਧਾਨ ਦਾ ਕਾਨੂੰਨ ਬਦਲ ਦਿੰਦੇ ਹਨ ਤਾਂ 128 ਵਾਰ ਕਿਉ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਬਣਾਉਣ ਤੋਂ ਪਹਿਲਾ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਇਸ ਉਪਰੰਤ ਹੀ ਨਵੇਂ ਕਾਨੂੰਨ ਪਾਰਲੀਮੈਂਟ ਵਿਚ ਲਿਆਂਦੇ ਜਾਣ।

ਕਾਂਗਰਸ ਸਰਕਾਰ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇ ਰਹੀ ਹੈ-ਕੈਪਟਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ 1 ਸਾਲ ਤੋਂ ਕਿਸਾਨ ਸਿੰਘੂ ਅਤੇ ਟਿਕਰੀ ਬਾਰਡਰ ਤੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਧਰਨਾ ਲਾਈ ਬੈਠੇ ਹਨ ਉਹ ਨਹੀਂ ਜਾਣਦੇ ਕਿ ਇਸ ਧਰਨੇ ਦੌਰਾਨ ਕਿੰਨੇ ਕਿਸਾਨ ਮਰੇ ਹਨ ਪਰ ਪੰਜਾਬ ਵਿਚੋਂ ਜਿਹੜੇ ਵੀ ਕਿਸਾਨ ਮਰੇ ਹਨ ਉਨ੍ਹਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਅਤੇ ਇਕ ਪਰਿਵਾਰਿਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਬਰਨਾਲਾ ਵਿਖੇ ਇਕ ਸਮਾਗਮ ਦੌਰਾਨ 2700 ਬੱਚਿਆਂ ਨੂੰ ਨੌਕਰੀਆਂ ਦੇਵਾਂਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਲੋਕਾਂ ਦੀਆਂ ਖੁਆਇਸ਼ਾਂ ਤੇ ਖਰੀ ਉਤਰ ਰਹੀ ਹੈ।

Posted By: Seema Anand