ਪ੍ਰਸ਼ੋਤਮ ਬੈਂਸ,ਨਵਾਂਸ਼ਹਿਰ : ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਅਤੇ ਜੀਓiਜੀਜ਼ ਦੇ ਸੀਨੀਅਰ ਵਾਇਸ ਚੇਅਰਮੈਨ ਲੈਫ: ਜਨਰਲ ਟੀਐੱਸ ਸ਼ੇਰਗਿੱਲ ਨੇ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਦਾ ਮੁਆਇਨਾ ਕੀਤਾ ਅਤੇ ਜੀਓਜੀਜ਼ ਨੂੰ ਹਦਾਇਤ ਕੀਤੀ ਕਿ ਉਹ ਰਾਹਤ ਤੇ ਬਚਾਅ ਕਾਰਜਾਂ 'ਚ ਜ਼ਿਲ੍ਹਾ ਪ੍ਰਸ਼ਾਸਨ ਦਾ ਹਰ ਤਰ੍ਹਾਂ ਨਾਲ ਸਹਿਯੋਗ ਕਰਨ।

ਉਨ੍ਹਾਂ ਕਿਹਾ ਕਿ ਇਕ ਫ਼ੌਜੀ ਦਾ ਧਰਮ ਦੇਸ਼ ਦੀਆਂ ਹੱਦਾਂ ਦੀ ਰਾਖੀ ਕਰਨਾ ਹੀ ਨਹੀਂ, ਸਗੋਂ ਸ਼ਾਂਤੀ ਦੇ ਸਮੇਂ ਦੌਰਾਨ ਨਾਗਰਿਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੁਦਰਤੀ ਆਫਤ ਸਮੇਂ ਉਨ੍ਹਾਂ ਦੀ ਮੱਦਦ ਕਰਨਾ ਵੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੜ੍ਹਾਂ ਨੂੰ ਕੱਲ੍ਹ ਹੀ ਕੁਦਰਤੀ ਆਫ਼ਤ ਐਲਾਨ ਚੁੱਕੇ ਹਨ ਅਤੇ 100 ਕਰੋੜ ਰੁਪਏ ਮੱਦਦ ਲਈ ਵੀ ਐਲਾਨ ਚੁੱਕੇ ਹਨ। ਇਸ ਤੋਂ ਇਲਾਵਾ ਜੋ ਖੇਤੀਬਾੜੀ ਅਤੇ ਘਰਾਂ ਦਾ ਖ਼ਰਾਬਾ ਹੋਇਆ ਹੈ, ਉਸ ਦੀ ਵਿਸ਼ੇਸ਼ ਗਿਰਦਾਵਰੀ ਅਤੇ ਸਰਵੇਖਣ ਦਾ ਹੁਕਮ ਵੀ ਦੇ ਚੁੱਕੇ ਹਨ।

ਉਨ੍ਹਾਂ ਦੇ ਅੱਜ ਦੇ ਦੌਰੇ ਦਾ ਮੰਤਵ ਇਸ ਖ਼ਰਾਬੇ ਨੂੰ ਬਿਲਕੁਲ ਨੇੜਿਓਂ ਦੇਖਣਾ ਹੈ ਅਤੇ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਵਿਸਤਿ੍ਤ ਰਿਪੋਰਟ ਦੇਣਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਵਾਂਸ਼ਹਿਰ ਦੇ ਧੁੱਸੀ ਬੰਨ੍ਹ 'ਤੇ ਆ ਕੇ ਆਮ ਲੋਕਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਪ੍ਰਤੀ ਮਿਲੇ ਹਾਂ-ਪੱਖੀ ਫੀਡਬੈਕ ਨਾਲ ਇਸ ਗੱਲ ਦੀ ਸ਼ੰਤੁਸ਼ਟੀ ਮਿਲੀ ਹੈ ਕਿ ਇਸ ਕੁਦਰਤੀ ਕਰੋਪੀ ਦੇ ਸਮੇਂ 'ਚ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀ ਆਪਣੀ ਬਣਦੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ।

ਇਸ ਮੌਕੇ ਤਾਜੋਵਾਲ-ਮੰਢਾਲਾ ਦੇ ਧੁੱਸੀ ਬੰਨ੍ਹ 'ਤੇ ਮੌਜੂਦ ਲੋਕਾਂ ਵੱਲੋਂ ਰੱਖੀ ਪੱਕੀਆਂ ਠੋਕਰਾਂ ਬਣਾਉਣ ਦੀ ਮੰਗ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਪੰਜਾਬ ਸਰਕਾਰ ਨਾਲ ਵਿਚਾਰਨ ਦਾ ਭਰੋਸਾ ਦਿੱਤਾ।

ਮੌਕੇ 'ਤੇ ਮੌਜੂਦ ਐੱਸਡੀਐੱਮ ਨਵਾਂਸ਼ਹਿਰ ਡਾ: ਵਿਨੀਤ ਕੁਮਾਰ ਨੇ ਜਨਰਲ ਸ਼ੇਰਗਿੱਲ ਨੂੰ ਦੱਸਿਆ ਕਿ ਜ਼ਿਲ੍ਹੇ ਵਿਚ ਧੁੱਸੀ ਬੰਨ੍ਹ ਦੇ ਬੇਲਾ-ਤਾਜੋਵਾਲ, ਡੁਗਰੀ, ਤਾਜੋਵਾਲ ਮੰਢਾਲਾ, ਬੁਰਜ ਟਹਿਲ ਦਾਸ ਅਤੇ ਤਾਜਪੁਰ ਖੋਜੇ ਨਾਜ਼ੁਕ ਸਥਾਨਾਂ ਵਜੋਂ ਸ਼ਨਾਖਤ ਕੀਤੇ ਗਏ ਸਨ, ਜਿਨ੍ਹਾਂ ਦੀ ਮੁਰਮੰਤ ਦਾ ਕਾਰਜ ਜੰਗੀ ਪੱਧਰ 'ਤੇ ਕੀਤਾ ਗਿਆ ਹੈ। ਅੰਤ 'ਚ ਜਨਰਲ ਸ਼ੇਰਗਿੱਲ ਨੇ ਡਿਪਟੀ ਕਮਿਸ਼ਨਰ ਵਿਨੈ ਬੁਬਲਾਨੀ ਨਾਲ ਮੁਲਾਕਾਤ ਵੀ ਕੀਤੀ। ਜਿੱਥੇ ਬੁਬਲਾਨੀ ਨੇ ਉਨ੍ਹਾਂ ਨੂੰ ਜ਼ਿਲ੍ਹੇ 'ਚ ਧੁੱਸੀ ਬੰਨ੍ਹ ਦੀ ਮੌਜੂਦਾ ਸਥਿਤੀ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਬਾਰੇ ਮੁਕੰਮਲ ਜਾਣਕਾਰੀ ਦਿੱਤੀ।

--------