ਪ੍ਰਦੀਪ ਭਨੋਟ, ਨਵਾਂਸ਼ਹਿਰ : ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਪਿੰਡ ਖਟਕੜ ਕਲਾਂ ਵਿਖੇ ਨਤਮਸਤਕ ਹੁੰਦੇ ਹੋਏ। ਮੁੱਖ ਮੰਤਰੀ ਸਭ ਤੋਂ ਪਹਿਲਾ ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਦੀ ਸਮਾਧ ’ਤੇ ਨਤਮਸਤਕ ਹੋਏ। ਉਪਰੰਤ ਉਨ੍ਹਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸਮਾਰਕ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਬਾਅਦ ਵਿਚ ਉਨ੍ਹਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਪ੍ਰਤਿਮਾ ’ਤੇ ਨਮਨ ਕੀਤਾ। ਅੰਤ ਵਿਚ ਉਹ ਖਟਕੜ ਦੇ ਮਿਊਜੀਅਮ ਵਿਚ ਬਣੀ ਆਰਟ ਗੈਲਰੀ ਦੇਖ ਕੇ ਵਾਪਸ ਚਲੇ ਗਏ। ਕਰੀਬ ਅੱਧੇ ਘੰਟੇ ਵਿਚ ਸਾਰਾ ਸਮਾਗਮ ਖਤਮ ਹੋ ਗਿਆ। ਇਸ ਮੌਕੇ ਡਾ. ਨਛੱਤਰ ਪਾਲ, ਡਾ. ਸੁਖਵਿੰਦਰ ਸਿੰਘ ਸੁੱਖੀ, ਕੁਲਜੀਤ ਸਿੰਘ ਸਰਹਾਲ ਆਪ ਦੇ ਹਲਕਾ ਇੰਚਾਰਜ ਬੰਗਾ, ਡੀਸੀ ਨਵਜੋਤ ਸਿੰਘ ਰੰਧਾਵਾ, ਐੱਸਐੱਸਪੀ ਭਾਗੀਰਥ ਮੀਣਾ, ਆਪ ਆਗੂ ਲਲਿਤ ਮੋਹਨ ਪਾਠਕ, ਵਿਧਾਇਕਾ ਸੰਤੋਸ਼ ਕਟਾਰੀਆ ਤੋਂ ਇਲਾਵਾ ਹੋਰ ਆਗੂ ਅਤੇ ਪਾਰਟੀ ਵਰਕਰ ਵੀ ਹਾਜ਼ਰ ਸਨ।
Posted By: Seema Anand