ਪ੍ਰਦੀਪ ਭਨੋਟ, ਨਵਾਂਸ਼ਹਿਰ

ਪੰਜਾਬ ਸਰਕਾਰ ਵੱਲੋਂ 'ਧੀਆਂ ਦੀ ਲੋਹੜੀ' ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਨਵਾਂਸ਼ਹਿਰ ਦੇ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਕਰਵਾਇਆ ਗਿਆ। ਜਿਸ ਵਿਚ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਅਰੁਣਾ ਚੌਧਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਸੰਬੋਧਨ ਵਿਚ ਆਖਿਆ ਕਿ ਸਮਾਜ 'ਚ ਧੀਆਂ ਪ੍ਰਤੀ ਸੋਚ ਬਦਲਣ ਦੀ ਵੱਡੀ ਲੋੜ ਹੈ ਤੇ ਲੜਕਿਆਂ 'ਚ ਅੌਰਤਾਂ/ਲੜਕੀਆਂ ਪ੍ਰਤੀ ਬਚਪਨ ਤੋਂ ਹੀ ਚੰਗੇ ਸੰਸਕਾਰ ਪੈਦਾ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਿਨੀ ਸਕੱਤਰੇਤ/ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸਾਂ 'ਚ ਕੰਮ-ਕਾਜੀ ਮਹਿਲਾਵਾਂ ਦੇ ਛੋਟੇ ਬੱਚਿਆਂ ਦੀ ਸਾਂਭ-ਸੰਭਾਲ ਲਈ ਵਿਭਾਗ ਵੱਲੋਂ 'ਕਰੈਚ' ਸਥਾਪਤ ਕਰਨੇ ਵਿਚਾਰ ਅਧੀਨ ਹਨ ਤਾਂ ਜੋ ਇਹ ਮਹਿਲਾਵਾਂ ਆਪਣੇ ਦਫ਼ਤਰਾਂ 'ਚ ਬੱਚਿਆਂ ਦੀ ਸਾਂਭ-ਸੰਭਾਲ ਤੋਂ ਨਿਸਚਿੰਤ ਹੋ ਕੇ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਲੜੀ 'ਚ ਨਵਾਂਸ਼ਹਿਰ ਵਿਖੇ ਵੀ 550 ਨਵਜਨਮੀਆਂ ਧੀਆਂ ਦੀ ਲੋਹੜੀ ਮਨਾ ਕੇ ਗੁਰੂ ਸਾਹਿਬ ਦੇ ਫੁਰਮਾਨ 'ਸੋ ਕਿਉ ਮੰਦਾ ਆਖੀਏ, ਜਿੱਤ ਜੰਮੇ ਰਾਜਾਨ' ਦਾ ਅਨੁਸਰਣ ਕਰਨ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਮਹਿਲਾ ਸਸ਼ਕਤੀਕਰਣ ਲਈ ਵਚਨਬੱਧ ਹੈ, ਜਿਸ ਤਹਿਤ ਪੰਚਾਇਤ ਤੇ ਸਥਾਨਕ ਸਰਕਾਰ ਸੰਸਥਾਵਾਂ ਚੋਣਾਂ 'ਚ ਮਹਿਲਾਵਾਂ ਲਈ 50 ਫ਼ੀਸਦੀ ਰਾਖਵਾਂਕਰਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਮਹਿਲਾਵਾਂ ਦੀ ਬੇਹਤਰੀ ਲਈ ਜਿੱਥੇ ਆਂਗਨਵਾੜੀ ਕੇਂਦਰਾਂ ਰਾਹੀਂ ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਲਈ ਪੌਸ਼ਟਿਕ ਆਹਾਰ, ਛੋਟੇ ਬੱਚਿਆਂ ਲਈ ਲੋੜੀਂਦੇ ਖੁਰਾਕੀ ਤੱਤ ਭਰਪੂਰ ਅਹਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉੱਥੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਹਰੇਕ ਗਰਭਵਤੀ ਮਹਿਲਾ ਨੂੰ ਗਰਭ ਦੇ 150 ਦਿਨਾਂ 'ਚ ਰਜਿਸਟ੍ਰੇਸ਼ਨ ਕਰਵਾਉਣ 'ਤੇ ਬੱਚੇ ਦੇ ਜਨਮ ਅਤੇ ਟੀਕਾਕਰਣ ਪੂਰਾ ਕਰਵਾਉਣ 'ਤੇ 5000 ਰੁਪਏ ਦੀ ਮਾਲੀ ਮੱਦਦ ਮੁਹੱਈਆ ਕਰਵਾਈ ਜਾਂਦੀ ਹੈ। ਇਸ ਦੌਰਾਨ ਨਵਜਨਮੀਆਂ ਧੀਆਂ ਦੀ ਲੋਹੜੀ ਵੀ ਬਾਲੀ ਗਈ ਅਤੇ ਢੋਲ ਰਾਹੀਂ ਖੁਸ਼ੀ ਵੀ ਮਨਾਈ ਗਈ। ਇਸ ਮੌਕ ਪ੍ਰਮੁੱਖ ਸਕੱਤਰ ਰਾਜੀ ਪੀ ਸ੍ਰੀਵਾਸਤਵਾ, ਡਾਇਰੈਕਟਰ ਗੁਰਪ੍ਰਰੀਤ ਕੌਰ ਸਪੜਾ, ਸਾਬਕਾ ਵਿਧਾਇਕਾ ਨਵਾਂਸ਼ਹਿਰ ਗੁਰਇਕਬਾਲ ਕੌਰ, ਸਕੱਤਰ ਜਗਵਿੰਦਰਜੀਤ ਸਿੰਘ ਗਰੇਵਾਲ, ਡਿਪਟੀ ਕਮਿਸ਼ਨਰ ਵਿਨੈ ਬੁਬਲਾਨੀ, ਐੱਸਐੱਸਪੀ ਅਲਕਾ ਮੀਨਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀਿਝੱਕੀ, ਐੱਸਡੀਐੱਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐੱਸਡੀਐੱਮ ਬੰਗਾ ਗੌਤਮ ਜੈਨ, ਸਹਾਇਕ ਕਮਿਸ਼ਨਰ (ਜ) ਰਜਨੀਸ਼ ਅਰੋੜਾ, ਐੱਸਪੀ (ਐੱਚ) ਬਲਵਿੰਦਰ ਸਿੰਘ ਭੀਖੀ ਜ਼ਿਲ੍ਹਾ ਪ੍ਰਰੋਗਰਾਮ ਅਫ਼ਸਰ ਮਨਜੀਤ ਕੌਰ ਅਤੇ ਹੋਰ ਵਿਭਾਗੀ ਅਫ਼ਸਰਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਨਵਜਨਮੀਆਂ ਬੱਚੀਆਂ ਅਤੇ ਉਨ੍ਹਾਂ ਦੀ ਮਾਂਵਾਂ ਤੇ ਪਤਵੰਤੇ ਵੀ ਹਾਜ਼ਰ ਸਨ।

--------

ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਪ੍ਰਰੋਗਰਾਮ

ਸਮਾਗਮ ਦੌਰਾਨ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਖਟਕੜ ਕਲਾਂ ਵੱਲੋਂ ਸਵਾਗਤੀ ਗੀਤ, ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੰਗਾ ਦੀਆਂ ਵਿਦਿਆਰਥਣਾਂ ਵੱਲੋਂ ਸਕਿੱਟ ਅਤੇ ਗਿੱਧਾ ਅਤੇ ਸ਼ਿਵਾਲਿਕ ਪਬਲਿਕ ਸਕੂਲ ਦੀਆ ਵਿਦਿਆਰਥਣਾਂ ਵੱਲੋਂ ਰਾਸ਼ਟਰੀ ਗੀਤ ਗਇਨ ਕੀਤਾ ਗਿਆ। ਆਂਗਨਵਾੜੀ ਕੇਂਦਰ ਨਵਾਂਸ਼ਹਿਰ ਦੀਆਂ ਨਿੱਕੀਆਂ ਨਿੱਕੀਆਂ ਬੱਚੀਆਂ ਵੱਲੋਂ ਰੰਗ-ਬਿਰੰਗੇ ਪਹਿਰਾਵਿਆਂ 'ਚ ਕੀਤਾ ਪ੍ਰਰੋਗਰਾਮ ਵੀ ਖਿੱਚ ਦਾ ਕੇਂਦਰ ਰਿਹਾ। ਇਸ ਤੋਂ ਇਲਾਵਾ ਸਮਾਗਮ ਦੌਰਾਨ ਵਿਭਾਗ ਵੱਲੋਂ ਵੱਖ-ਵੱਖ ਗਤੀਵਿਧੀਆਂ ਨਾਲ ਸਬੰਧਤ ਸਟਾਲ ਵੀ ਲਾਏ ਗਏ।

-------

ਸਖੀ ਵਨ ਸਟਾਪ ਦਾ ਕੀਤਾ ਦੌਰਾ

ਪੰਜਾਬ ਸਰਕਾਰ ਵੱਲੋਂ ਹਰੇਕ ਜ਼ਿਲ੍ਹੇ 'ਚ ਹਿੰਸਾ ਪੀੜਤ ਅੌਰਤਾਂ/ਲੜਕੀਆਂ ਦੀ ਮੱਦਦ ਲਈ ਸਖੀ-ਵਨ ਸਟਾਪ ਕੇਂਦਰ ਸਥਾਪਤ ਕੀਤੇ ਗਏ ਹਨ। ਜਿਨ੍ਹਾਂ ਦਾ ਮੰਤਵ ਕਿਸੇ ਵੀ ਹਿੰਸਾ ਪੀੜਤ ਮਹਿਲਾ ਨੂੰ ਮੈਡੀਕਲ ਸਹਾਇਤਾ, ਕਾਊਂਸਲਿੰਗ, ਕਾਨੂੰਨੀ ਸਹਾਇਤਾ ਅਤੇ ਆਰਜ਼ੀ ਤੌਰ 'ਤੇ ਸਹਾਰਾ ਦੇਣਾ ਹੈ। ਉਨ੍ਹਾਂ ਸਖੀ ਵਨ ਸਟਾਪ ਦਾ ਦੌਰਾ ਕਰਨ ਉਪਰੰਤ ਖੁਸ਼ੀ ਪ੍ਰਗਟਾਈ ਕਿ ਨਵਾਂਸ਼ਹਿਰ ਦੇ ਜ਼ਿਲ੍ਹਾ ਹਸਪਤਾਲ ਵਿਖੇ ਚੱਲ ਰਹੇ ਸਖੀ ਸੈਂਟਰ ਨੇ ਹੁਣ ਤੱਕ ਆਏ 115 ਕੇਸਾਂ 'ਚੋਂ 100 ਮਾਮਲੇ ਸੁਲਝਾ ਕੇ ਪਰਿਵਾਰਾਂ ਨੂੰ ਟੁੱਟਣ ਤੋਂ ਬਚਾਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ਿਲ੍ਹਾ ਹਸਪਤਾਲ ਵਿਖੇ ਬਣੇ ਕੇਂਦਰ ਦਾ ਦੌਰਾ ਕਰਕੇ ਉੱਥੇ ਮੌਜੂਦ ਸਟਾਫ਼ ਨਾਲ ਗੱਲਬਾਤ ਵੀ ਕੀਤੀ।