ਤਾਰੀ ਲੌਧੀਪੁਰੀਆ, ਔੜ : ਪੁਲਿਸ ਨੇ ਨਸ਼ੀਲੇ ਟੀਕੇ, ਗੋਲੀਆਂ ਸਮੇਤ 2,10,140 ਰੁਪਏ ਦੀ ਨਕਦੀ ਸਮੇਤ ਇਕ ਕਾਰ ਚਾਲਕ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਥਾਣਾ ਔੜ ਦੇ ਇੰਸਪੈਕਟਰ ਮਲਕੀਅਤ ਸਿੰਘ ਜਦੋਂ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਬੁਰਜ ਟਹਿਲ ਦਾਸ ਨੇੜੇ ਪੁਲ ਸੂਆ ਡਰੇਨ ਪਾਸ ਮੌਜੂਦ ਸਨ ਤਾਂ ਉਨ੍ਹਾਂ ਨੇ ਜੀਟੀ ਰੋਡ ਪਿੰਡ ਉੜਾਪੜ ਵਲੋਂ ਆ ਰਹੀ ਇਕ ਗੱਡੀ ਨੰ. ਪੀਬੀ 32- ਜ਼ੈਡ-6587 ਮਾਰਕਾ ਅਰਟਿਕਾ ਸਮਾਰਟ ਹਾਈਬਿ੍ਰਡ ਨੂੰ ਰੋਕਿਆ। ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ ’ਚੋਂ 1100 ਟੀਕੇ ਮਾਰਕਾ ਬੁਪਰੋਨੌਰਫਿਨ, 12 ਹਜ਼ਾਰ ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਡੋਲ, 1100 ਸ਼ੀਸ਼ੀਆਂ ਟੀਕੇ ਮਾਰਕਾ ਏਵਲ ਅਤੇ 2 ਲੱਖ 10 ਹਜ਼ਾਰ 140 ਰੁਪਏ ਬਰਾਮਦ ਕੀਤੇ। ਪੁਲਿਸ ਅਨੁਸਾਰ ਕਥਿਤ ਮੁਲਜ਼ਮ ਦੀ ਪਹਿਚਾਣ ਗੁਰਦਿੱਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਰੈਲੋ ਖੁਰਦ ਥਾਣਾ ਸਿਟੀ ਰੋਪੜ, ਹਾਲ ਵਾਸੀ ਗਲੀ ਨੰ. 04, ਗੁਰੂ ਨਾਨਕ ਨਗਰ ਨਵਾਂਸ਼ਹਿਰ ਵੱਜੋਂ ਹੋਈ ਹੈ। ਇੰਨੀ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਰੱਖਣ ਸਬੰਧੀ ਕੋਈ ਕਾਨੂੰਨੀ ਦਸਤਾਵੇਜ਼ ਜਾਂ ਪਰਮਿਟ ਨਹੀਂ ਪੇਸ਼ ਕਰ ਸਕਿਆ। ਜਿਸ ’ਤੇ ਪੁਲਿਸ ਵੱਲੋਂ ਮੁਲਜ਼ਮ ਖਿਲਾਫ ਐੱਨਡੀਪੀਐੱਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਤਫਤੀਸ਼ ਅਮਲ ਵਿਚ ਲਿਆਂਦੀ ਗਈ ਹੈ।

Posted By: Ramanjit Kaur