ਪ੍ਰਦੀਪ ਭਨੋਟ, ਨਵਾਂਸ਼ਹਿਰ : ਮਿਸ਼ਨ ਤੰਦਰੁਸਤ ਪੰਜਾਬ ਅਧੀਨ ਬਾਗਬਾਨੀ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪਿੰਡ ਅਮਰਗੜ੍ਹ ਵਿਖੇ ਢੀਂਗਰੀ (ਖੁੰਬ) ਦੀ ਕਾਸ਼ਤ ਸਬੰਧੀ ਜਾਗਰੂਕਤਾ ਕੈਂਪ ਲਾਇਆ ਗਿਆ, ਜਿਸ ਵਿਚ 40 ਜਿਮੀਂਦਾਰਾਂ ਨੂੰ ਖੁੰਬਾਂ ਦੀ ਕਾਸ਼ਤ ਸਬੰਧੀ ਜਾਣਕਾਰੀ ਦਿੰਦੇ ਹੋਏ ਜਗਦੀਸ਼ ਸਿੰਘ ਕਾਹਮਾ ਬਾਗਬਾਨੀ ਵਿਕਾਸ ਅਫਸਰ ਨਵਾਂਸ਼ਹਿਰ ਨੇ ਦੱਸਿਆ ਕਿ ਇਸ ਖੁੰਬ ਦੀ ਕਾਸ਼ਤ ਵਿਚ ਕੋਈ ਵੀ ਖਾਦ ਅਤੇ ਦਵਾਈ ਦੀ ਵਰਤੋਂ ਨਹੀ ਕੀਤੀ ਜਾਂਦੀ। ਉਨ੍ਹਾਂ ਦੱਸਿਆ ਕਿ ਖੁੰਬ 'ਚ ਖ਼ੁਰਾਕੀ ਤੱਤ ਬਹੁਤ ਜ਼ਿਆਦਾ ਹੁੰਦੇ ਹਨ ਤੇ ਇਸ ਦੀ ਕਾਸ਼ਤ ਹਰ ਕੋਈ ਆਪਣੇ ਘਰ ਵਿਚ ਆਪਣੀ ਲੋੜ ਮੁਤਾਬਕ ਕਰ ਸਕਦਾ ਹੈ। ਇਸ ਖੁੰਬ ਦਾ ਬੀਜ ਬਾਗਬਾਨੀ ਵਿਭਾਗ ਦੇ ਦਫਤਰਾਂ ਵਿਖੇ ਉਪਲਬਧ ਹੈ। ਜ਼ਿਲ੍ਹੇ ਦੇ ਜਿਸ ਕਿਸੇ ਵੀ ਜਿਮੀਂਦਾਰ ਨੂੰ ਖੁੰਬ ਦੇ ਬੀਜ ਦੀ ਜ਼ਰੂਰਤ ਹੈ, ਉਹ ਬਾਗਬਾਨੀ ਵਿਭਾਗ ਦੇ ਦਫਤਰਾਂ ਤੋਂ ਬੀਜ ਲੈ ਸਕਦਾ ਹੈ। ਇਸ ਸਮੇਂ ਡਾ. ਜਸਵਿੰਦਰ ਕੁਮਾਰ ਖੇਤੀਬਾੜੀ ਵਿਕਾਸ ਅਫਸਰ ਨੇ ਕਣਕ ਦੀ ਖੇਤੀ ਸਬੰਧੀ ਜਿਮੀਦਾਰਾਂ ਨਾਲ ਨੁਕਤੇ ਸਾਂਝੇ ਕਰਦਿਆਂ ਹੈਪੀ ਸੀਡਰ ਨਾਲ ਬੀਜੀ ਗਈ ਕਣਕ ਬਾਰੇ (ਰਣਜੀਤ ਸਿੰਘ ਚਾਹਲ ਸਰਪੰਚ ਅਮਰਗੜ੍ਹ) ਦੇ ਖੇਤਾਂ 'ਚ ਜਿਮੀਂਦਾਰਾਂ ਨੂੰ ਜਾਣੂ ਕਰਵਾਇਆਂ ਗਿਆ। ਇਸ ਸਮੇਂ ਹਾਜ਼ਰ ਸਮੂਹ ਜਿਮੀਂਦਾਰਾਂ ਨੂੰ ਢੀਂਗਰੀ ਦਾ ਬੀਜ ਵੰਡਿਆ ਗਿਆ। ਇਸ ਮੌਕੇ 'ਤੇ ਤਰਲੋਚਨ ਸਿੰਘ ਬਜੀਦਪੁਰੀ, ਬ੍ਰਹਮ ਕੁਮਾਰ, ਸਤਨਾਮ ਸਿੰਘ ਸਾਬਕਾ ਡਾਇਰੈਕਟਰ ਸ਼ੂਗਰ ਮਿਲ, ਸੁਲਖੱਣ ਸਿੰਘ, ਗੁਰਮੁਖ ਸਿੰਘ ਸਾਬਕਾ ਸਰਪੰਚ, ਜੋਗਾ ਸਿੰਘ, ਬਲਿਹਾਰ ਸਿੰਘ ਸੰਧੂ ਪੰਚ, ਸਰਵਣ ਸਿੰਘ, ਕੁਲਵਿੰਦਰ ਸਿੰਘ ਅਤੇ ਹੋਰ ਜਿਮੀਂਦਾਰ ਹਾਜ਼ਰ ਸਨ।