24ਐਨਐਸਆਰ 1ਪੀ

ਟੋਲ ਬੈਰੀਅਰ ਬਛੂਆਂ ਵਿਖੇ ਗੱਡੀ ਦੇ ਮਾਲਕ 'ਤੇ ਰਾਡ ਨਾਲ ਹਮਲਾ ਕਰਦਾ ਹੋਇਆ ਟੋਲ ਮੁਲਾਜ਼ਮ।

---

24ਐਨਐਸਆਰ 2ਪੀ

ਟੋਲ ਬੈਰੀਅਰ ਬਛੂਆਂ ਵਿਖੇ ਗੱਲਬਾਤ ਕਰਦੇ ਹੋਏ ਐੱਸਐੱਚਓ ਹਰਕੀਰਤ ਸਿੰਘ ਤੇ ਹੋਰ।

---

- ਪਰਚੀ ਕਟਵਾਉਣ ਨੂੰ ਲੈ ਕੇ ਟੋਲ ਮੁਲਾਜ਼ਮ ਨੇ ਕੀਤਾ ਗੱਡੀ ਦੇ ਮਾਲਕ 'ਤੇ ਹਮਲਾ

- ਮੌਕੇ 'ਤੇ ਪੁੱਜ ਕੇ ਐੱਸਐੱਚਓ ਕਾਠਗੜ੍ਹ ਨੇ ਸੰਭਾਲੀ ਸਥਿਤੀ

---

ਜਤਿੰਦਰਪਾਲ ਕਲੇਰ, ਕਾਠਗੜ੍ਹ

ਰੋਪੜ-ਬਲਾਚੌਰ ਰਾਜ ਮਾਰਗ 'ਤੇ ਸਥਿਤ ਟੋਲ ਬੈਰੀਅਰ ਬੱਛੂਆਂ ਦੇ ਮੁਲਾਜ਼ਮ ਵੱਲੋਂ ਪਰਚੀ ਕਟਵਾਉਣ ਨੂੰ ਲੈ ਕੇ ਕਾਰ ਦੇ ਮਾਲਕ 'ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਗੜੀ ਸਥਿਤੀ ਨੂੰ ਥਾਣਾ ਕਾਠਗੜ੍ਹ ਦੇ ਐੱਸਐੱਚਓ ਨੇ ਮੌਕੇ 'ਤੇ ਪੁੱਜ ਕੇ ਸੰਭਾਲ ਲਿਆ।

ਜਾਣਕਾਰੀ ਦਿੰਦੇ ਹੋਏ ਨੰਬਰਦਾਰ ਅਜੀਤ ਸਿੰਘ ਨੇ ਦੱਸਿਆ ਕਿ ਉਹ ਰੋਪੜ ਤੋਂ ਨਵਾਂਸ਼ਹਿਰ ਵੱਲ ਆਪਣੀ ਗੱਡੀ 'ਚ ਜਾ ਰਿਹਾ ਸੀ। ਜਦੋਂ ਉਹ ਟੋਲ ਬੈਰੀਅਰ 'ਤੇ ਰੁਕਿਆ ਤੇ ਪਰਚੀ ਕੱਟ ਰਹੀ ਮੈਡਮ ਨੇ ਉਸ ਨੂੰ ਕਿਹਾ ਕਿ ਤੁਹਾਡੇ ਫਾਸਟੈਗ 'ਚ ਬੈਲੇਂਸ ਨਾ ਹੋਣ ਕਾਰਨ ਪੈਸੇ ਨਹੀਂ ਕੱਟੇ ਜਾ ਰਹੇ। ਇਸ 'ਤੇ ਉਸ ਨੇ 200 ਰੁਪਏ ਦਿੰਦੇ ਹੋਏ ਕਿਹਾ ਕਿ ਤੁਸੀਂ ਪਰਚੀ ਦੇ ਬਣਦੇ ਪੈਸੇ ਕੱਟ ਲਓ। ਉੱਥੇ ਕੋਲ ਖੜ੍ਹੇ ਇਕ ਟੋਲ ਮੁਲਾਜ਼ਮ ਨੇ ਗਾਲ੍ਹ ਕੱਢਦੇ ਹੋਏ ਕਿਹਾ ਕਿ ਇਨ੍ਹਾਂ ਲੋਕਾਂ ਦਾ ਤਾਂ ਇਹੀ ਹਾਲ ਹੈ। ਇਨ੍ਹਾਂ ਨੂੰ ਪਹਿਲਾਂ ਨਹੀਂ ਪਤਾ ਹੁੰਦਾ ਕਿ ਅਕਾਊਂਟ 'ਚ ਪੈਸੇ ਪੁਆਉਣੇ ਹਨ ਜਾਂ ਨਹੀਂ। ਗੱਡੀ ਦਾ ਮਾਲਕ ਬਾਹਰ ਉਤਰ ਕੇ ਕਰਮਚਾਰੀ ਨੂੰ ਕਹਿਣ ਲੱਗਾ ਕਿ ਉਹ ਪਰਚੀ ਕਟਵਾ ਰਿਹਾ ਹੈ। ਤੇਰਾ ਗਾਲ੍ਹ ਕੱਢਣ ਦਾ ਕੀ ਮਤਲਬ ਹੈ? ਟੋਲ ਮੁਲਾਜ਼ਮ ਨੇ ਬਹਿਸ ਕਰਦੇ ਹੋਏ ਲੋਹੇ ਦੀ ਰਾਡ ਨਾਲ ਉਸ 'ਤੇ ਹਮਲਾ ਕਰ ਦਿੱਤਾ। ਗੱਡੀ ਦੇ ਮਾਲਕ ਨੇ ਉਸ ਦੇ ਹੱਥੋਂ ਰਾਡ ਖੋਹ ਲਈ। ਟੋਲ ਮੁਲਾਜ਼ਮ ਭੱਜ ਕੇ ਇਕ ਕਮਰੇ 'ਚੋਂ ਹੋਰ ਰਾਡ ਲੈ ਆਇਆ। ਇਸ ਤੋਂ ਬਾਅਦ ਟੋਲ ਬੈਰੀਅਰ ਦੇ ਦੂਜੇ ਮੁਲਾਜ਼ਮ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਆਪਣੇ ਸਾਥੀ ਨੂੰ ਇਕ ਕਮਰੇ 'ਚ ਭੇਜ ਦਿੱਤਾ ਅਤੇ ਮਾਹੌਲ ਤਣਾਅ ਵਾਲਾ ਹੋ ਗਿਆ।

ਟੋਲ ਬੈਰੀਅਰ 'ਤੇ ਵਿਗੜੀ ਸਥਿਤੀ ਦੀ ਸੂਚਨਾ ਲੋਕਾਂ ਨੇ ਥਾਣਾ ਕਾਠਗੜ੍ਹ ਦੇ ਐੱਸਐੱਚਓ ਹਰਕੀਰਤ ਸਿੰਘ ਨੂੰ ਦਿੱਤੀ। ਉਨ੍ਹਾਂ ਤੁਰੰਤ ਮੌਕੇ 'ਤੇ ਪੁੱਜ ਕੇ ਮਾਹੌਲ ਸ਼ਾਂਤ ਕਰਵਾਇਆ ਤੇ ਦੋਵਾਂ ਧਿਰਾਂ ਨੂੰ ਥਾਣਾ ਕਾਠਗੜ੍ਹ ਲਿਆ ਕੇ ਪੁੱਛ-ਪੜਤਾਲ ਕੀਤੀ ਗਈ।

---

ਕੀ ਕਹਿਣਾ ਹੈ ਟੋਲ ਬੈਰੀਅਰ ਦੇ ਮੈਨੇਜਰ ਦਾ

ਜਦੋਂ ਟੋਲ ਬੈਰੀਅਰ ਦੇ ਮੈਨੇਜਰ ਤੋਂ ਇਸ ਸਬੰਧੀ ਜਾਣਕਾਰੀ ਮੰਗੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ ਦਾ ਵਰਤਾਅ ਚੰਗਾ ਨਹੀਂ ਹੋਵੇਗਾ, ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜਿਸ ਨੇ ਟੋਲ ਬੈਰੀਅਰ 'ਤੇ ਗੱਡੀ ਦੇ ਮਾਲਕ ਨਾਲ ਬਦਸਲੂਕੀ ਕੀਤੀ, ਉਸ ਨੂੰ ਵੀ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਉਨ੍ਹਾਂ ਬਾਕੀ ਮੁਲਾਜ਼ਮਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਕਿਸੇ ਨਾਲ ਕੋਈ ਮੁਲਾਜ਼ਮ ਬਦਸਲੂਕੀ ਕਰਦਾ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।