ਪ੍ਰਦੀਪ ਭਨੋਟ, ਨਵਾਂਸ਼ਹਿਰ : ਪੰਜਾਬ ਸਰਕਾਰ ਦੇ ਵਿੱਤ ਮੰਤਰੀ ਮਨਪ੍ਰਰੀਤ ਸਿੰਘ ਬਾਦਲ ਵੱਲੋਂ ਵਿਤੀ ਸਾਲ 2020-2021 ਦਾ ਬਜਟ ਵਿਧਾਨ ਸਭਾ 'ਚ ਪੇਸ਼ ਕੀਤਾ ਗਿਆ ਸੀ। ਜਿਸ ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਹਲਕਾ ਬਲਾਚੌਰ ਨੂੰ ਛੱਡ ਕੇ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਅਤੇ ਬੰਗਾ ਦੀ ਝੋਲੀ 'ਚ ਕੁੱਝ ਖਾਸ ਨਹੀਂ ਪਾਇਆ। ਬਜਟ ਵਿਚ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਵਾਂ ਅਤੇ ਆਧੁਨਿਕ ਬਲਾਕ ਬਣਾਉਣ ਲਈ 5 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਜਿਸ ਦਾ ਹਲਕਾ ਵਿਧਾਇਕ ਅੰਗਦ ਸਿੰਘ ਨੇ ਸਵਾਗਤ ਕਰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਅੰਗਦ ਸਿੰਘ ਨੇ ਦੱਸਿਆ ਕਿ ਨਵਾਂਸ਼ਹਿਰ ਦੇ ਲੋਕਾਂ ਦੀ ਸਭ ਤੋਂ ਵੱਡੀ ਮੰਗ ਸ਼ਹਿਰ ਦੇ ਇਕੋ ਇਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਮੌਜੂਦਾ ਇਮਾਰਤ ਨਾ-ਕਾਫ਼ੀ ਹੋਣ ਕਾਰਨ ਵਿਦਿਆਰਥੀਆਂ ਨੂੰ ਮੁਸ਼ਕਿਲ ਆ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਨਾਲ ਜਿੱਥੇ ਸ਼ਹਿਰ 'ਚ ਹੋਰ ਸਕੂਲ ਬਣਾਉਣ ਦੀ ਲੋੜ ਨਹੀਂ ਰਹੇਗੀ, ਉੱਥੇ ਮੌਜੂਦਾ ਇਮਾਰਤ 'ਚ ਹੀ ਨਵਾਂ ਬਲਾਕ ਬਣਨ ਨਾਲ ਜ਼ਿਆਦਾ ਵਿਦਿਆਰਥੀ ਪੜ੍ਹ ਸਕਣਗੇ।

ਬਜਟ 'ਚ ਕੀਤੀਆਂ ਤਜਵੀਜ਼ਾਂ

ਹਰੇਕ ਜ਼ਿਲ੍ਹੇ ਵਿਚ 100 ਬਿਸਤਰਿਆਂ ਦਾ ਇਕ ਨਵਾਂ ਸਰਕਾਰੀ ਹਸਪਤਾਲ ਬਣਾਉਣ ਲਈ 900 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ। ਜਿਸ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਇਕ ਸਰਕਾਰੀ ਹਸਪਤਾਲ ਬਣਾਇਆ ਜਾਵੇਗਾ, ਹਰੇਕ ਹਲਕੇ 'ਚ 1 ਕਰੋੜ ਰੁਪਏ ਦੀ ਲਾਗਤ ਨਾਲ 5 ਨਵੇਂ ਮੁੱਢਲੇ ਸਿਹਤ ਕੇਂਦਰ (ਪੀਐੱਚਸੀਜ਼) ਅਰਥਾਤ 600 ਕਰੋੜ ਰੁਪਏ, ਹਰੇਕ ਹਲਕੇ ਵਿਚ 15 ਕਰੋੜ ਦੀ ਲਾਗਤ ਨਾਲ ਇਕ ਨਵਾਂ ਸੀਨੀਅਰ ਸੈਕੰਡਰੀ ਸਕੂਲ ਅਰਥਾਤ 1,800 ਕਰੋੜ ਰੁਪਏ, ਹਰੇਕ ਹਲਕੇ ਵਿਚ 5 ਕਰੋੜ ਰੁਪਏ ਦੀ ਲਾਗਤ ਨਾਲ ਇਕ ਨਵੀਂ ਆਈਟੀਆਈ ਅਰਥਾਤ 600 ਕਰੋੜ ਰੁਪਏ, 1,000 ਕਰੋੜ ਰੁਪਏ ਦੀ ਲਾਗਤ ਨਾਲ 500 ਏਕੜ ਭੂਮੀ ਵਾਲੇ 2 ਨਵੇਂ ਇੰਡਸਟਰੀਅਲ ਪਾਰਕ ਅਰਥਾਤ 2,000 ਕਰੋੜ ਰੁਪਏ ਅਤੇ ਪੰਜਾਬ ਦੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਖੇਤੀਬਾੜੀ ਖੋਜ, ਤਕਨੀਕੀ ਨਵੀਨੀਕਰਨ, ਵਿਭਿੰਨਤਾ ਲਈ 1,000 ਕਰੋੜ ਰੁਪਏ ਦਾ ਸਮਰਪਿਤ ਮੂਲਧਨ ਫੰਡ, 259 ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲਾਂ 'ਚ 10 ਕਿਲੋਵਾਟ ਦੇ ਸੋਲਰ ਪਲਾਂਟ, ਮੁਲਾਜ਼ਮਾਂ ਦੀ ਤਨਖਾਹ ਦਾ ਬਜਟ 8.68 ਅਤੇ ਪੈਨਸ਼ਨ ਦਾ 2.11 ਫੀਸਦੀ ਵਧਿਆ, ਖੇਡਾਂ ਲਈ 270 ਕਰੋੜ ਰੁਪਏ, ਕਿਸਾਨਾਂ ਦੇ ਕਰਜ, ਗੈਰ-ਜਮੀਨ ਖੇਤੀਬਾੜੀ ਲੇਬਰ ਦਾ ਕਰਜ ਮੁਆਫ ਕਰਨ ਲਈ 520 ਕਰੋੜ ਰੁਪਏ ਅਤੇ ਅਵਾਰਾ ਪਸ਼ੂਆਂ ਦੀ ਦੇਖਭਾਲ ਲਈ 25 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ।