ਜਗਤਾਰ ਮਹਿੰਦੀਪੁਰੀਆ, ਬਲਾਚੌਰ : ਬਲਾਚੌਰ ਦੇ ਗੰਹੂਣ ਰੋਡ ਸਥਿਤ ਘਈ ਮਾਰਕੀਟ ਵਿਚ ਬੀਤੀ ਰਾਤ ਇਕ ਬੁਟੀਕ ਦੁਕਾਨ ਵਿਚ ਅਚਾਨਕ ਅੱਗ ਲੱਗਣ ਨਾਲ ਲੱਖਾਂ ਦੇ ਕੱਪੜੇ ਸੜ ਕੇ ਸੁਆਹ ਹੋ ਗਏ ਹਨ। ਜਾਣਕਾਰੀ ਦਿੰਦੇ ਹੋਏ ਬੁਟੀਕ ਦੇ ਮਾਲਕ ਮੁਹੰਮਦ ਮਿਨਤੁੱਲਾ ਨੇ ਦੱਸਿਆ ਕਿ ਉਹ ਲਗਪਗ 12 ਵਜੇ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਗਏ ਸਨ। ਲਗਪਗ 1.30 ਵਜੇ ਉਨਾਂ੍ਹ ਨੂੰ ਫੋਨ ਆਇਆ ਕਿ ਤੁਹਾਡੀ ਦੁਕਾਨ 'ਚੋਂ ਧੂੰਆਂ ਨਿਕਲ ਰਿਹਾ ਹੈ। ਜਦੋਂ ਉਨਾਂ੍ਹ ਨੇ ਆ ਕੇ ਦੇਖਿਆ ਤਾਂ ਦੁਕਾਨ ਵਿਚ ਅੱਗ ਲੱਗੀ ਹੋਈ ਸੀ। ਅੱਗ ਇੰਨੀ ਭਿਆਨਕ ਸੀ ਕਿ ਦੋ ਮੰਜ਼ਿਲਾ ਦੁਕਾਨ ਵਿਚ ਫੈਲ ਚੁੱਕੀ ਸੀ ਜਿਸ ਵਿਚ ਲੋਕਾਂ ਦੇ ਸੀਣ ਲਈ ਆਏ ਕੱਪੜੇ ਜਲ ਕੇ ਸੁਆਹ ਹੋ ਚੁੱਕੇ ਸਨ। ਉਸ ਦੇ ਨਾਲ ਹੀ ਬਾਕੀ ਸਾਮਾਨ ਵੀ ਜਲ ਗਿਆ। ਅੱਗ ਬੁਝਾਉਣ ਲਈ ਆਸ ਪਾਸ ਦੇ ਲੋਕਾਂ ਨੇ ਪੂਰੀ ਜੱਦੋ ਜਹਿਦ ਕੀਤੀ ਪਰ ਜਦੋਂ ਤਕ ਅੱਗ 'ਤੇ ਕਾਬੂ ਪਾਇਆ ਜਾਂਦਾ, ਉਸ ਵੇਲੇ ਤਕ ਵੱਡਾ ਨੁਕਸਾਨ ਹੋ ਚੁੱਕਾ ਸੀ। ਦੁਕਾਨ ਦੇ ਮਾਲਕ ਨੇ ਦੱਸਿਆ ਕਿ ਲਗਭਗ 6 ਤੋਂ 7 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੀ ਸ਼ਿਕਾਇਤ ਪੁਲਿਸ ਥਾਣਾ ਸਿਟੀ ਬਲਾਚੌਰ ਨੂੰ ਦੇ ਦਿੱਤੀ ਗਈ ਹੈ। ਏਐੱਸਆਈ ਜੋਗਿੰਦਰ ਸਿੰਘ ਵੱਲੋਂ ਦੁਕਾਨ ਦੇ ਮਾਲਕ ਦੇ ਬਿਆਨਾਂ 'ਤੇ ਆਪਣੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ।