ਪ੍ਰਸ਼ੋਤਮ ਬੈਂਸ,ਨਵਾਂਸ਼ਹਿਰ : ਇਕ ਜਨਵਰੀ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਪੈਨਸ਼ਨ ਦੀ ਲੜਾਈ ਲੜ ਰਹੀ ਜਥੇਬੰਦੀ ਸੀਪੀਐੱਫ ਕਰਮਚਾਰੀ ਯੂਨੀਅਨ ਪੰਜਾਬ ਅਤੇ ਰਾਸ਼ਟਰ ਪੱਧਰੀ ਜਥੇਬੰਦੀ ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਦੀ ਅਪੀਲ ਅਤੇ ਦੇਸ਼ ਦੇ ਸਾਰੇ ਜ਼ਿਲ੍ਹਾ ਹੈਡ ਕੁਆਰਟਰਾਂ 'ਤੇ ਅਰਧ ਸੈਨਿਕ ਬਲਾਂ ਨੂੰ ਪੁਰਾਣੀ ਪੈਨਸ਼ਨ ਦਿਵਾਉਣ ਲਈ 7 ਦਸੰਬਰ ਨੂੰ ਖ਼ੂਨਦਾਨ ਕੈਂਪ ਲਾਏ ਜਾ ਰਹੇ ਹਨ।

ਇਸ ਸਬੰਧੀ ਪੀਡਬਲਯੂਡੀ ਦਫ਼ਤਰ ਨਵਾਂਸ਼ਹਿਰ ਵਿਖੇ ਮੀਟਿੰਗ ਕਰਦਿਆਂ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਸਹੋਤਾ ਨੇ ਦੱਸਿਆ ਅਰਧ ਸੈਨਿਕ ਬਲ ਸਾਡੇ ਦੇਸ਼ ਦੀ ਰਾਜਨੀਤਿਕ ਲੋਕਾਂ, ਸਾਡੀ ਰਾਖੀ ਦੇਸ਼ ਦੀਆਂ ਸਰਹੱਦਾਂ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਰਹਿ ਕੇ ਕਰਦੇ ਹਨ। ਇਨ੍ਹਾਂ ਨੂੰ ਡਿਊਟੀ ਦੌਰਾਨ ਜਾਨ ਦਾ ਖ਼ਤਰਾ ਵੀ ਹਮੇਸ਼ਾ ਬਣਿਆ ਰਹਿੰਦਾ ਹੈ। ਜਿਨ੍ਹਾਂ ਦੀ ਰੱਖਿਆ ਇਹ ਕਰਦੇ ਹਨ, ਨੂੰ ਤਾਂ ਪੰਜ ਪੰਜ ਪੈਨਸ਼ਨਾਂ ਵੀ ਹਨ ਪਰ ਇਨ੍ਹਾਂ ਰਾਖਿਆਂ ਨੂੰ ਇਕ ਵੀ ਨਹੀਂ। ਜ਼ਿਲ੍ਹਾ ਸਕੱਤਰ ਬਲਵਿੰਦਰ ਸਿੰਘ ਨੇ ਕਿਹਾ ਕਿ ਅਰਧ ਸੈਨਿਕ ਬਲ ਸਾਡੇ ਵਾਂਗ ਧਰਨੇ ਅਤੇ ਰੈਲੀ ਨਹੀਂ ਕਰ ਸਕਦੇ। ਇਸ ਲਈ ਸਾਡਾ ਫ਼ਰਜ਼ ਹੈ ਕਿ ਇਨ੍ਹਾਂ ਦੇ ਹੱਕਾਂ ਲਈ ਅਸੀਂ ਸੰਘਰਸ਼ ਕਰੀਏ। ਜਿਸ ਤਹਿਤ ਜ਼ਿਲ੍ਹਾ ਜਥੇਬੰਦੀ ਵੱਲੋਂ ਬੱਸ ਅੱਡਾ ਨਵਾਂਸ਼ਹਿਰ ਵਿਖੇ ਵੱਡੇ ਪੱਧਰ 'ਤੇ ਖ਼ੂਨਦਾਨ ਕੈਂਪ ਲਾਇਆ ਜਾ ਰਿਹਾ ਹੈ।

ਕੈਂਪ 'ਚ ਖ਼ੂਨਦਾਨ ਕਰਕੇ ਸਾਨੂੰ ਅਰਧ ਸੈਨਿਕ ਬਲਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦੀ ਸਹੂਲਤ ਦਿਵਾਉਣ ਲਈ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ।