ਪ੍ਰਦੀਪ ਭਨੋਟ, ਨਵਾਂਸ਼ਹਿਰ : ਭਾਜਪਾ ਵਿਧਾਇਕਾਂ ਤੇ ਹੋਰ ਆਗੂਆਂ 'ਤੇ ਹੋ ਰਹੇ ਹਮਲਿਆਂ ਨੂੰ ਰੋਕਣ ਦੀ ਮੰਗ ਨੂੰ ਲੈ ਕੇ ਬੁੱਧਵਾਰ ਨੂੰ ਨਵਾਂਸ਼ਹਿਰ ਵਿਖੇ ਭਾਜਪਾ ਆਗੂਆਂ ਵੱਲੋਂ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣ ਲਈ ਵਿਧਾਇਕ ਅੰਗਦ ਸਿੰਘ ਦੀ ਕੋਠੀ ਦਾ ਘੇਰਾਓ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਨੂੰ ਦੇਖਦਿਆਂ ਐੱਸਐੱਸਪੀ ਅਲਕਾ ਮੀਨਾ ਵੱਲੋਂ ਡੀਐੱਸਪੀ ਰਾਜ ਕੁਮਾਰ ਦੀ ਅਗਵਾਈ ਹੇਠ ਐੱਸਐੱਚਓਜ਼ ਸਮੇਤ ਮਹਿਲਾ ਪੁਲਿਸ ਦੀ ਟੁਕੜੀ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਸਖ਼ਤ ਸੁਰਖਿਆ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਵਿਧਾਇਕ ਅੰਗਦ ਸਿੰਘ ਅਤੇ ਪਰਿਵਾਰਿਕ ਮੈਂਬਰਾਂ ਦੇ ਸਲੋਹ ਕੋਠੀ ਵਿਚ ਨਾ ਹੋਣ ਕਾਰਨ ਹੋਰਨਾਂ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੰਗ ਪੱਤਰ ਨਾ ਲੈਣ ਕਾਰਨ ਭਾਜਪਾ ਆਗੂਆਂ ਨੂੰ ਕੋਠੀ ਤੋਂ ਬੇਰੰਗ ਪਰਤਣਾ ਪਿਆ।

ਇਸ ਮੌਕੇ ਭਾਜਪਾ ਮਹਿਲਾ ਵਿੰਗ ਦੀ ਆਗੂ ਵਰਿੰਦਰ ਕੌਰ ਥਾਂਦੀ, ਅੰਹਿਸਾ ਪਾਠਕ, ਪੂੂਨਮ ਮਾਨਿਕ, ਅਸ਼ਵਨੀ ਬਲੱਗਣ, ਪਿ੍ਰਤਪਾਲ ਬਜਾਜ, ਰਾਮ ਕਿਸ਼ਨ ਜਾਖੂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਦੀ ਸ਼ਹਿ 'ਤੇ ਭਾਜਪਾ ਵਿਧਾਇਕ ਅਤੇ ਆਗੂਆਂ ਨਾਲ ਕੁੱਟਮਾਰ ਕਰ ਕੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਹਾਲਾਤ ਬਹੁਤੇ ਵਧੀਆ ਨਹੀਂ ਹਨ। ਭਾਜਪਾ ਆਗੂਆਂ ਨਾਲ ਦੁਰਵਿਵਹਾਰ ਦੀਆਂ ਵਧ ਰਹੀਆਂ ਘਟਨਾਵਾਂ ਨੰੂ ਰੋਕਣ ਵਿਚ ਨਾਕਾਮ ਕਾਂਗਰਸ ਸਰਕਾਰ ਨੂੰ ਸੂਬੇ ਵਿਚ ਲਾਅ ਐਂਡ ਆਰਡਰ ਦੇ ਹਾਲਾਤ ਵਿਗੜਦੇ ਦੇਖ ਕੇ ਆਪਣਾ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਹ ਕਾਂਗਰਸ ਸਰਕਾਰ ਦੇ ਨੁਮਾਇੰਦੇ ਵਿਧਾਇਕ ਅੰਗਦ ਸਿੰਘ ਨੂੰ ਮੰਗ ਪੱਤਰ ਦੇਣ ਪੁੱਜੇ ਹਨ ਤਾਂ ਉਨ੍ਹਾਂ ਨੇ ਇਹ ਮੰਗ ਪੱਤਰ ਲੈਣਾ ਮੁਨਾਸਿਬ ਨਹੀਂ ਸਮਿਝਆ। ਨਾ ਤਾਂ ਕਿਸੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨਾਲ ਗੱਲਬਾਤ ਨਹੀਂ ਕੀਤੀ ਅਤੇ ਨਾ ਹੀ ਕਿਸੇ ਪ੍ਰਸ਼ਾਸਨਕ ਅਫ਼ਸਰ ਨੇ ਉਨ੍ਹਾਂ ਦੀ ਮੰਗ ਨੂੰ ਲੈ ਕੇ ਸਰਕਾਰ ਤੱਕ ਪੁੱਜਦਾ ਕਰਨ ਦੀ ਹਾਮੀ ਭਰੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਗਲੀ ਰਣਨੀਤੀ ਤਹਿਤ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਮੋਦੀ ਸਰਕਾਰ ਦੇ ਕਾਨੂੰਨ ਦੇਸ਼ ਹਿੱਤ 'ਚ : ਸ਼ਿੰਗਾਰਾ ਸਿੰਘ ਬੈਂਸ

ਧਰਨੇ ਦੌਰਾਨ ਭਾਜਪਾ ਦੇ ਸਮਰਥਨ ਵਿਚ ਉਤਰੇ ਕਿਸਾਨ ਆਗੂ ਸ਼ਿੰਗਾਰਾ ਸਿੰਘ ਬੈਂਸ ਗੜ੍ਹਸ਼ੰਕਰ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਕਾਨੂੰਨ ਜੇਕਰ ਲਾਗੂ ਹੋ ਜਾਂਦੇ ਹਨ ਤਾਂ ਨੌਜਵਾਨਾਂ ਨੂੰ ਵਿਦੇਸ਼ ਵਿਚ ਨੌਕਰੀਆਂ ਮੰਗਣ ਲਈ ਨਹੀਂ ਜਾਣਾ ਪਵੇਗਾ। ਉਨ੍ਹਾਂ ਨੂੰ ਆਪਣੇ ਦੇਸ਼ ਅਤੇ ਹਰ ਸਹੁਲਤ ਮਿਲਣੀ ਸ਼ੁਰੂ ਹੋ ਜਾਵੇਗੀ।

ਘਿਰਾਓ ਕਰਨ ਵਾਲੇ 30 ਕੇ ਪੁਲਿਸ ਮੁਲਾਜ਼ਮ 100 ਦੇ ਕਰੀਬ

ਧਰਨੇ ਦੌਰਾਨ ਭਾਜਪਾ ਆਗੂਆਂ ਦੀ ਗਿਣਤੀ ਕਰੀਬ 30 ਸੀ ਜਦਕਿ ਪੁਲਿਸ ਵੱਲੋਂ 100 ਤੋਂ ਵੱਧ ਪੁਲਿਸ ਮੁਲਾਜ਼ਮ ਕੋਠੀ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਸਨ। ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਦੇਖਦਿਆਂ ਪੁਲਿਸ ਵੱਲੋਂ ਪਹਿਲਾਂ ਹੀ ਫਾਇਰ ਬਿ੍ਗੇਡ ਤੇ ਐਂਬਲੈਂਸ ਦਾ ਵੀ ਪ੍ਰਬੰਧ ਕੀਤਾ ਗਿਆ ਸੀ।