ਪੱਤਰ ਪ੍ਰਰੇਰਕ, ਕਾਠਗੜ੍ਹ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਗੁਰਦੁਆਰਾ ਸਤਨਾਮ ਸਿੰਘ ਜੀ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਜੱਸੜਾਂ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿਚ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਜੂਨ ਨੂੰ ਰਾਜਪਾਲ ਪੰਜਾਬ ਨੂੰ ਜੋ ਮੰਗ ਪੱਤਰ ਦਿੱਤਾ ਜਾਣਾ ਹੈ, ਸਬੰਧੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਜੱਸੜਾਂ ਨੇ ਆਖਿਆ ਕਿ ਇਸ ਦੌਰਾਨ ਯੂਨੀਅਨ ਦੇ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਭਾਰਤ ਮਾਲਾ ਪਰਿਯੋਜਨਾ ਅਧੀਨ ਦਿੱਲੀ ਅੰਮਿ੍ਤਸਰ ਕੱਟੜਾ ਐਕਸਪ੍ਰਰੈਸ ਵੇਅ ਲਈ ਰੋਪੜ ਜ਼ਿਲ੍ਹੇ ਦੇ ਕਿਸਾਨਾਂ ਦੀ ਜ਼ਮੀਨ ਕੌਡੀਆਂ ਦੇ ਭਾਅ ਖੋਹੀ ਜਾ ਰਹੀ ਹੈ। ਜਿਸ ਦਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨਿਖੇਧੀ ਕਰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਦਾ ਸੰਘਰਸ਼ ਦਿੱਲੀ ਵਿਖੇ ਚੱਲ ਰਿਹਾ ਹੈ, ਉਦੋਂ ਤੱਕ ਕਿਸੇ ਵੀ ਪਾਰਟੀ ਦੇ ਉਮੀਦਵਾਰ ਦਾ ਪਿੰਡਾਂ 'ਚ ਵੜਨਾ ਬੰਦ ਰਹੇਗਾ। ਜੇਕਰ ਕੋਈ ਵੀ ਉਮੀਦਵਾਰ ਪਿੰਡਾਂ 'ਚ ਆਏਗਾ ਤਾਂ ਉਸ ਦਾ ਕਾਲੀਆਂ ਝੰਡੀਆਂ ਅਤੇ ਪਾਥੀਆਂ ਨਾਲ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਗੁਰਿੰਦਰ ਸਿੰਘ ਭੰਗੂ, ਕੁਲਵਿੰਦਰ ਸਿੰਘ ਪੰਜੋਲਾ, ਪਰਵਿੰਦਰ ਸਿੰਘ ਅਲੀਪੁਰ, ਰਵਿੰਦਰ ਸਿੰਘ, ਰੁਪਿੰਦਰ ਸਿੰਘ ਰੂਪਾ, ਪਰਗਟ ਸਿੰਘ ਬਰਸਾਲਪੁਰ, ਧਰਮਿੰਦਰ ਸਿੰਘ ਆਦਿ ਆਗੂ ਵੀ ਹਾਜ਼ਰ ਸਨ।