ਨਰਿੰਦਰ ਮਾਹੀ, ਬੰਗਾ : ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸਾਥੀ ਦੇ ਸਾਥੀ ਪੰਡਤ ਕਿਸ਼ੋਰੀ ਲਾਲ ਦੀ 30ਵੀਂ ਬਰਸੀ ਮੰਢਾਲੀ ਭਵਨ ਵਿਖੇ ਮਨਾਈ ਗਈ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸੀਪੀਆਈ (ਐੱਮ) ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਰਾਮ ਸਿੰਘ ਨੂਰਪੁਰੀ ਨੇ ਕਿਹਾ ਕਿ ਭਾਰਤ ਦੇ ਆਜ਼ਾਦੀ ਸੰਗਰਾਮ 'ਚ ਪੰਜਾਬੀਆਂ ਦਾ ਉਘਾ ਰੋਲ ਹੈ ਅਤੇ ਕੁਰਬਾਨੀਆਂ ਭਰਿਆ ਇਤਿਹਾਸ ਹੈ। ਉਨ੍ਹਾਂ ਕਿਹਾ ਕਿ ਪੰਡਿਤ ਕਿਸ਼ੋਰੀ ਲਾਲ ਨੇ ਵਿਦਿਆਰਥੀ ਜੀਵਨ ਤੋਂ ਦੇਸ਼ ਭਗਤੀ ਵਿਚ ਪੈਰ ਧਰਿਆ ਅਤੇ ਸ਼ਹੀਦ ਭਗਤ ਸਿੰਘ ਦੇ ਸੰਪਰਕ ਵਿਚ ਆਏ। ਛੋਟੀ ਉਮਰ ਕਰਕੇ ਉਨ੍ਹਾਂ ਫਾਂਸੀ ਦੀ ਬਜਾਏ ਉਮਰ ਕੈਦ ਹੋ ਗਈ। ਸਾਲਾਂ ਬੱਧੀ ਜੇਲ੍ਹ ਵਿਚ ਰਹੇ। 1948 'ਚ ਰਿਹਾਅ ਹੋ ਕੇ ਸਿੱਧੇ ਜਲੰਧਰ ਪਾਰਟੀ ਦਫ਼ਤਰ ਆਏ ਅਤੇ ਕਿਸਾਨਾਂ ਮਜ਼ਦੂਰਾਂ ਦੇ ਹਿੱਤਾਂ ਲਈ ਕੰਮ ਕੀਤਾ, ਕਰਨੈਲ ਸਿੰਘ ਈਸੜੂ ਦੇ ਨਾਲ ਰਲ ਕੇ ਗੋਆ ਵੀ ਆਜ਼ਾਦ ਕਰਾਉਣ ਗਏ। 8 ਜੁਲਾਈ 1990 ਨੂੰ ਪਿੰਡ ਬਹੂਆ (ਬੰਗਾ) ਨੇੜੇ ਐਕਸੀਡੈਂਟ ਹੋ ਗਿਆ ਅਤੇ 11 ਜੁਲਾਈ ਨੂੰ ਉਨ੍ਹਾਂ ਦੀ ਮੌਤ ਹੋ ਗਈ। ਅੱਜ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਸੀਪੀਆਈ (ਐੱਮ) ਦੇ ਮੈਂਬਰ ਚੈਨ ਸਿੰਘ, ਪਰਮਜੀਤ ਸਾਬਕਾ ਐੱਮਸੀ, ਦੀਪਾ, ਲਾਲ ਚੰਦ, ਗੀਤਾ ਰਾਣੀ ਆਦਿ ਵੀ ਹਾਜ਼ਰ ਸਨ।