ਪ੍ਰਦੀਪ ਭਨੋਟ/ਹਰਵਿੰਦਰ ਸਿੰਘ, ਨਵਾਂਸ਼ਹਿਰ: ਕਿਰਤੀ ਕਿਸਾਨ ਯੂਨੀਅਨ ਤੇ ਇਸ ਦੇ ਯੂਥ ਵਿੰਗ ਵੱਲੋਂ ਰਾਹੋਂ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੇ 350ਵੇਂ ਜਨਮ ਦਿਹਾੜੇ ਨੂੰ ਸਬੰਧੀ ਕਾਨਫਰੰਸ ਕੀਤੀ ਗਈ।

ਕਾਨਫਰੰਸ ਵਿਚ ਬੋਲਦਿਆਂ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸੰਤੋਖ ਸਿੰਘ ਸੰਧੂ, ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਜਗਤਾਰ ਸਿੰਘ ਭਿੰਡਰ, ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਨੇ ਆਖਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਇਤਿਹਾਸਕ ਦੇਣ ਹੈ। ਉਨ੍ਹਾਂ ਨੇ ਹਲਵਾਹਕ ਕਿਸਾਨਾਂ ਨੂੰ ਜ਼ਮੀਨ ਦੇ ਮਾਲਕਾਨਾ ਹੱਕ ਦੇ ਕੇ ਅਜਿਹਾ ਜਨਤਕ ਉਭਾਰ ਕਾਇਮ ਕੀਤਾ ਜੋ ਸਰਹਿੰਦ ਦੀ ਹਕੂਮਤ ਨੂੰ ਉਡਾ ਕੇ ਲੈ ਗਿਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਦੇ ਅਹਿਮ ਕਾਰਜ ਦੇ ਨਾਲ ਕਿਸਾਨਾਂ ਨੂੰ ਜ਼ਮੀਨ ਦੇ ਮਾਲਕ ਬਣਾਉਣਾ ਬਾਬਾ ਜੀ ਵੱਲੋਂ ਕੀਤਾ ਗਿਆ ਜਨਤਕ ਇਨਕਲਾਬ ਬੇਹੱਦ ਵੱਡਾ ਸੀ, ਜਿਸ ਵਿਚ ਸਿੱਖ ਫ਼ਲਸਫ਼ੇ ਦੇ ਬਰਾਬਰੀ ਵਾਲੇ ਸਮਾਜ ਦੀ ਰੂਹ ਧੜਕਦੀ ਹੈ।

ਇਸ ਦੌਰਾਨ ਤਰਨਜੀਤ ਸਿੰਘ ਉੱਪਲ, ਗੁਰਪਾਲ ਸਿੰਘ ਪਾਲਾ, ਤਰਸੇਮ ਸਿੰਘ ਬੰਨੇਮੱਲ, ਤਰਸੇਮ ਸਿੰਘ ਬੈਂਸ, ਕੁਲਵਿੰਦਰ ਸਿੰਘ ਚਾਹਲ, ਮੱਖਣ ਸਿੰਘ ਭਾਨਮਜਾਰਾ, ਸਾਧੂ ਸਿੰਘ, ਸੇਵਾ ਸਿੰਘ, ਅਵਤਾਰ ਸਿੰਘ ਕੱਟ, ਕਰਨੈਲ ਸਿੰਘ ਉੜਾਪੜ, ਅਤੇ ਪਰਮਜੀਤ ਸਿੰਘ ਸੰਘਾ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਜਦੋਂ ਕੇਂਦਰ ਦੀ ਫਾਸ਼ੀਵਾਦੀ ਹਕੂਮਤ ਨੇ ਦੇਸ਼ ਦੇ ਕਿਸਾਨਾਂ ਦੀਆਂ ਜ਼ਮੀਨਾਂ ਉਨ੍ਹਾਂ ਕੋਲੋਂ ਖੋਹ ਕੇ ਕਾਰਪੋਰੇਟ ਮਾਲਕਾਂ ਹਵਾਲੇ ਕਰਨ ਲਈ ਤਿੰਨ ਖੇਤੀ ਸੁਧਾਰ ਕਾਨੂੰਨ ਤੇ ਬਿਜਲੀ ਬਿੱਲ 2020 ਲਿਆਂਦੇ ਹਨ, ਅਜਿਹੇ ਵਿਚ ਬਾਬਾ ਬੰਦਾ ਜੀ ਵਾਲਾ 'ਰਾਹ' ਕਿਸਾਨਾਂ ਲਈ ਰਾਹ-ਦਸੇਰਾ ਹੈ।

ਇਸ ਮਗਰੋਂ ਢਾਡੀ ਭਾਈ ਗੁਰਦੀਪ ਸਿੰਘ ਉੜਾਪੜ ਦੇ ਜਥੇ ਨੇ ਵਾਰਾਂ ਦਾ ਗਾਇਨ ਕੀਤਾ। ਇਸ ਦੌਰਾਨ ਬਲਿਹਾਰ ਸਿੰਘ ਬਛੌੜੀ, ਸੂਬੇਦਾਰ ਰਘਬੀਰ ਸਿੰਘ, ਚੂਹੜ ਸਿੰਘ ਉਸਮਾਨਪੁਰ, ਸਾਧੂ ਸਿੰਘ, ਸਰਬਣ ਸਿੰਘ ਚੂਹੜਪੁਰ, ਨਿਰਮਲ ਸਿੰਘ ਨੰਬਰਦਾਰ, ਨਰਿੰਦਰ ਸਿੰਘ ਉੜਾਪੜ, ਗਿਆਨ ਸਿੰਘ ਮਾਨ ਸਹਾਬਪੁਰ, ਕਸ਼ਮੀਰ ਸਿੰਘ, ਨਿਰਮਲ ਸਿੰਘ ਮੱਲਪੁਰ ਅੜ੍ਹਕਾਂ ਆਦਿ ਆਗੂ ਮੌਜੂਦ ਸਨ।

ਕਾਨਫਰੰਸ 'ਚ ਪਾਸ ਕੀਤੇ ਮਤੇ

ਕਾਨਫਰੰਸ ਵਿਚ ਤਿੰਨ ਖੇਤੀ ਕਾਨੂੰਨਾਂ ਤੇ ਬਿਜਲੀ ਬਿੱਲ 2020 ਰੱਦ ਕਰਨ, ਕੋਰੋਨਾ ਦੀ ਆੜ ਹੇਠ ਕਿਸਾਨ ਆਗੂਆਂ ਤੇ ਵਰਕਰਾਂ ਉੱਤੇ ਦਰਜ ਕੀਤੇ ਕੇਸ ਰੱਦ ਕਰਨ ਤੇ ਕਿਸਾਨੀ ਘੋਲ ਨੂੰ ਜਿੱਤ ਤਕ ਲੈ ਕੇ ਜਾਣ ਦੇ ਮਤੇ ਪਾਸ ਕੀਤੇ ਗਏ।

ਲੰਗਰ ਦੀ ਸੇਵਾ

ਗੁਰਦੁਆਰਾ ਠੇਰੀ ਸਾਹਿਬ ਗੜ੍ਹਪਧਾਣਾ ਵਾਲੇ ਬਾਬਿਆਂ ਤੇ ਸੰਗਤ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ। ਇਸ ਮੌਕੇ ਮੁੱਖ ਸੇਵਾਦਾਰ ਬਾਬਾ ਠਾਕਰ ਸਿੰਘ ਗੜ੍ਹਪਧਾਣਾ, ਜਤਿੰਦਰ ਸਿੰਘ, ਅੰਮਿ੍ਤਪਾਲ ਸਿੰਘ, ਗੁਰਦੇਵ ਸਿੰਘ, ਚੂਹੜ ਸਿੰਘ, ਅਜੀਤ ਸਿੰਘ ਸਮੇਤ ਹੋਰ ਸੰਗਤ ਮੌਜੂਦ ਸੀ।