ਪ੍ਰਦੀਪ ਭਨੋਟ, ਨਵਾਂਸ਼ਹਿਰ : ਬਲਾਚੌਰ ਤੋਂ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਅਕਾਲੀ ਆਗੂਆਂ ਅਤੇ ਇਕ ਅਖ਼ਬਾਰ ਸਮੂਹ ਅਤੇ ਦੋ ਚੈਨਲਾਂ ਨੂੰ ਆਪਣੇ ਵਕੀਲਾਂ ਰਾਹੀਂ ਮਾਣਹਾਨੀ ਨੋਟਿਸ ਭੇਜ ਕੇ 15 ਦਿਨਾਂ 'ਚ ਮੁਆਫ਼ੀ ਮੰਗਣ ਲਈ ਆਖਿਆ ਹੈ।

ਇਸ ਸਬੰਧੀ ਉਨ੍ਹਾਂ ਦੇ ਵਕੀਲ ਸੌਰਵ ਭਾਟੀਆ ਅਤੇ ਜਗਦੀਪ ਸਿੰਘ ਚਾਹਲ ਨੇ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਜਿਹੜੇ ਕਿ ਲੰਬੇ ਸਮੇਂ ਤੋਂ ਸਮਾਜ ਸੇਵਾ ਅਤੇ ਰਾਜਨੀਤਕ ਪਿੜ 'ਚ ਸਰਗਰਮ ਹਨ। ਉਨ੍ਹਾਂ ਨੂੰ ਇਕ ਗਿਣੀ ਮਿੱਥੀ ਸਾਜਿਸ਼ ਤਹਿਤ ਬਦਨਾਮ ਕਰਨ ਅਤੇ ਉਨ੍ਹਾਂ ਦਾ ਅਕਸ ਵਿਗਾੜਨ ਲਈ, ਉਨ੍ਹਾਂ 'ਤੇ ਪਿਛਲੇ ਕੁਝ ਦਿਨਾਂ ਤੋਂ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨਾਲ ਜੁੜੇ ਹੋਣ ਦੇ ਮਨਘੜਤ ਅਤੇ ਬੇ-ਬੁਨਿਆਦ ਦੋਸ਼ ਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਇਨ੍ਹਾਂ ਆਗੂਆਂ ਵੱਲੋਂ ਵੀਡੀਓ ਕਲਿੱਪ ਵਾਇਰਲ ਕਰਕੇ ਉਨ੍ਹਾਂ ਦੇ ਮੁਵੱਕਿਲ ਨੂੰ ਬਦਨਾਮ ਕਰਨ ਦੀ ਇਕ-ਨੁਕਾਤੀ ਮੁਹਿੰਮ ਵੀ ਚਲਾਈ ਹੋਈ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਮੰਗੂਪੁਰ ਪਿੰਡ ਪੱਧਰ ਦੀ ਸਰਪੰਚੀ, ਜ਼ਿਲ੍ਹਾ ਪ੍ਰਰੀਸ਼ਦ ਮੈਂਬਰੀ ਅਤੇ ਜ਼ਿਲ੍ਹਾ ਪ੍ਰਰੀਸ਼ਦ ਚੇਅਰਮੈਨ ਤੋਂ ਬਾਅਦ ਹੁਣ ਬਹੁਤ ਹੀ ਸਤਿਕਾਰਯੋਗ ਸੰਸਥਾ ਪੰਜਾਬ ਵਿਧਾਨ ਸਭਾ ਦੇ ਮੈਂਬਰ ਹਨ। ਇਹ ਸਾਰਾ ਕੁਝ ਇਕ ਗਿਣੀ ਮਿੱਥੀ ਸਾਜਿਸ਼ ਤਹਿਤ ਉਨ੍ਹਾਂ ਦੇ ਅਕਸ ਨੂੰ ਵਿਗਾੜਨ ਦੀ ਸਾਜਿਸ਼ ਹੈ, ਜਿਸ ਵਿਚ ਉਕਤ ਦੋ ਆਗੂ ਅਤੇ ਮੀਡੀਆ ਦਾ ਇਕ ਹਿੱਸਾ ਸ਼ਾਮਲ ਹੈ। ਉਨ੍ਹਾਂ ਇਨ੍ਹਾਂ ਨੋਟਿਸਾਂ ਰਾਹੀਂ ਇਨ੍ਹਾਂ ਸਾਰੀਆਂ ਧਿਰਾਂ ਨੂੰ 15 ਦਿਨਾਂ 'ਚ ਬਿਨਾਂ ਸ਼ਰਤ ਮੁਆਫ਼ੀ ਮੰਗਣ ਅਤੇ ਵਿਧਾਇਕ ਮੰਗੂਪੁਰ ਦੇ ਅਕਸ ਨੂੰ ਪਹੁੰਚਾਏ ਨੁਕਸਾਨ, ਮਾਨਸਿਕ ਪ੍ਰਰੇਸ਼ਾਨੀ ਦੇ ਇਵਜ਼ 'ਚ 25-25 ਲੱਖ ਰੁਪਏ ਦਾ ਹਰਜਾਨਾ ਜੋ ਕਿ ਉਨ੍ਹਾਂ ਵੱਲੋਂ ਕੋਵਿਡ-19 ਵਿਸ਼ਵ ਵਿਆਪੀ ਬਿਮਾਰੀ ਤੋਂ ਪੀੜਤ ਨੌਜਵਾਨਾਂ ਅਤੇ ਰਾਜ ਦੇ ਦੂਸਰੇ ਲੋਕਾਂ ਦੀ ਮਦਦ ਲਈ ਦਿੱਤੇ ਜਾਣਗੇ, ਦੇਣ ਲਈ ਆਖਿਆ ਗਿਆ ਹੈ। ਅਜਿਹਾ ਨਾ ਕਰਨ ਦੀ ਸੂਰਤ 'ਚ ਅਦਾਲਤ 'ਚ ਚਾਰਾਜੋਈ ਕਰਨ ਬਾਰੇ ਕਿਹਾ ਹੈ।