ਕਟਾਰੀਆ, ਮੁਕੰਦਪੁਰ : ਮੁਕੰਦਪੁਰ-ਬੰਗਾ ਸੜਕ 'ਤੇ ਪੈਂਦੇ ਪਿੰਡ ਤਲਵੰਡੀ ਫੱਤੂ ਦੇ ਨਜ਼ਦੀਕ ਦਰਦਨਾਕ ਸੜਕ ਹਾਦਸੇ ਦੌਰਾਨ 52 ਸਾਲਾ ਔਰਤ ਦੀ ਮੌਤ ਹੋ ਗਈ। ਪੁਲਿਸ ਥਾਣਾ ਮੁਕੰਦਪੁਰ ਦੇ ਐੱਸਐੱਚਓ ਗੁਰਮੁਖ ਸਿੰਘ ਨੇ ਦੱਸਿਆ ਕਿ ਸੇਵਾ ਮੁਕਤ ਬਿਜਲੀ ਮੁਲਾਜ਼ਮ ਮਦਨ ਲਾਲ ਵਾਸੀ ਅੱਪਰਾ ਜ਼ਿਲ੍ਹਾ ਜਲੰਧਰ ਆਪਣੇ ਮੋਟਰਸਾਈਕਲ 'ਤੇ ਪਤਨੀ ਕੁਲਵੰਤ ਕੌਰ ਨਾਲ ਪਿੰਡ ਮਜਾਰਾ ਨੌਂ ਆਬਾਦ ਵਿਚ ਰਾਜਾ ਸਾਹਿਬ ਦੇ ਅਸਥਾਨ 'ਤੇ ਮੱਥਾ ਟੇਕਣ ਲਈ ਜਾ ਰਹੇ ਸਨ।

ਤਲਵੰਡੀ ਫੱਤੂ ਦੇ ਬਾਹਰ ਅਤੇ ਪਿੰਡ ਫਿਰੋਜ਼ਪੁਰ ਦੇ ਗੇਟ ਦੇ ਨਜ਼ਦੀਕ ਦਾਣਾ ਮੰਡੀ ਮੁਕੰਦਪੁਰ ਤੋਂ ਕਣਕ ਨਾਲ ਭਰਿਆ ਟਰੱਕ ਜੋ ਬੰਗਾ ਨੂੰ ਜਾ ਰਿਹਾ ਸੀ, ਉਸ ਨਾਲ ਹਾਦਸਾ ਵਾਪਰ ਗਿਆ। ਕੁਲਵੰਤ ਕੌਰ ਦੇ ਸਿਰ ਉੱਪਰੋਂ ਦੀ ਟਰੱਕ ਦਾ ਟਾਇਰ ਲੰਘ ਗਿਆ ਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ।

ਮਿ੍ਤਕ ਕੁਲਵੰਤ ਕੌਰ ਦੇ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਹਰ ਐਤਵਾਰ ਨੂੰ ਰਾਜਾ ਸਾਹਿਬ ਗੁਰਦੁਆਰੇ ਵਿਚ ਮੱਥਾ ਟੇਕਣ ਲਈ ਬਸ ਵਿਚ ਆਉਂਦੀ ਹੈ ਪਰ ਐਤਵਾਰ ਨੂੰ ਉਸ ਨੇ ਕਿਹਾ ਸੀ ਕਿ ਸਿਰ ਵਿਚ ਥੋੜ੍ਹਾ ਦਰਦ ਹੈ ਇਸ ਕਰ ਕੇ ਮੋਟਰਸਾਈਕਲ 'ਤੇ ਲੈ ਜਾਓ। ਇਸ ਕਰ ਕੇ ਉਹ ਦੋਵੇਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਗੁਰਦੁਆਰੇ ਜਾ ਰਹੇ ਸਨ ਕਿ ਇਹ ਹਾਦਸਾ ਵਾਪਰ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।