ਬੱਗਾ ਸੇਲਕੀਆਣਾ, ਉੜਾਪੜ

ਪਿਛਲੇ ਦੋ ਮਹੀਨਿਆਂ ਤੋਂ ਕਿਸਾਨ ਵਿਰੋਧੀ ਬਿੱਲ ਨੂੰ ਰੱਦ ਕਰਵਾਉਣ ਪੂਰਾ ਪੰਜਾਬ ਪੱਬਾਂ ਭਾਰ ਹੋਇਆ ਪਿਆ ਹੈ। ਧਰਨੇ, ਪ੍ਰਦਰਸ਼ਨ, ਰੈਲ਼ੀਆਂ, ਰੇਲ ਰੋੋਕੋ ਅੰਦੋਲਨ ਕਰਨ ਤੋਂ ਬਾਅਦ ਕੇਂਦਰੀ ਮੰਤਰੀਆਂ ਨਾਲ ਮੀਟਿੰਗਾਂ ਬੇਨਤੀਜਾ ਰਹਿਣ 'ਤੇ ਸੂਬੇ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਇੱਕਜੁਟਤਾ ਦਿਖਾਉਂਦੇ ਹੋਏ ਦਿੱਲੀ 'ਚ ਕੇਂਦਰ ਸਰਕਾਰ ਦੇ ਨਾਦਰ ਸ਼ਾਹੀ ਫੁਰਮਾਨਾ 'ਤੇ ਮਨਮਰਜੀ ਦੇ ਕਿਸਾਨ ਬਿੱਲਾਂ ਨੂੰ ਰੱਦ ਕਰਵਾਉਣ ਲਈ 26-27 ਨਵੰਬਰ ਨੂੰ ਸੂਬੇ ਭਰ ਵਿਚੋਂ ਟਰੈਕਟਰ ਟਰਾਲੀਆਂ 'ਚ ਭਾਰੀ ਗਿਣਤੀ 'ਚ ਦਿੱਲੀ ਜਾਣੇ ਸ਼ੁਰੁ ਹੋ ਗਏ ਹਨ ਅਤੇ ਕਸਬਾ ਉੜਾਪੜ ਤੋਂ ਕਿਰਤੀ ਕਿਸਾਨ ਯੂਨੀਅਨ ਦਾ ਵੱਡਾ ਜਥਾ ਕਾਮਰੇਡ ਦਲਜੀਤ ਸਿੰਘ ਅਤੇ ਕਾਮਰੇਡ ਕਰਨੈਲ ਸਿੰਘ ਕਿਸਾਨਾਂ, ਮਹਿਲਾਵਾਂ, ਮਜਦੂਰਾਂ ਨੂੰ ਲੈ ਕੇ ਦਿੱਲੀ ਵੱਲ ਨੂੰ ਰਵਾਨਾ ਹੋਏ ਹਨ। ਕਿਸਾਨਾਂ ਵੱਲੋਂ ਮੋਦੀ ਸਰਕਾਰ ਦੀ ਮਾੜੀਆਂ ਨੀਤੀਆਂ ਖਿਲਾਫ਼ ਦੱਬ ਕੇ ਭੜਾਸ ਕੱਢੀ ਗਈ। ਉਨ੍ਹਾਂ ਕਿਹਾ ਕਿ ਜਿਸ ਮਿਸ਼ਨ ਲਈ ਇਹ ਉਪਰਾਲਾ ਕੀਤਾ ਹੈ ਆਸ ਕਰਦੇ ਹਾਂ ਕਿ ਅਸੀਂ ਇਸ ਮਨਸੂਬੇ ਨੂੰ ਬਹੁਤ ਜਲਦ ਸਫਲ ਕਰਾਂਗੇ। ਇਸ ਕਾਫਲੇ 'ਚ ਕਿਸਾਨ ਆਪਣੇ ਬਿਸਤਰੇ, ਖਾਣ ਪੀਣ ਦਾ ਸਮਾਨ ਵੀ ਨਾਲ ਲੈ ਕੇ ਗਏ ਹਨ।