ਬੱਗਾ ਸੇਲਕੀਆਣਾ, ਉੜਾਪੜ

ਕਿਸਾਨਾਂ ਦਾ ਅੰਦੋਲਨ ਹੁਣ ਜਨ ਅੰਦੋਲਨ ਬਣ ਚੱੁਕਿਆ ਹੈ ਅਤੇ ਇਸ ਅੰਦੋਲਨ ਨੂੰ ਸਫਲ ਬਣਾਉਣ ਲਈ ਪਿਛਲੇ ਦੋ ਮਹੀਨਿਆਂ ਤੋਂ ਕਿਸਾਨ ਦਿੱਲੀ ਬਾਡਰਾਂ 'ਤੇ ਅੱਤ ਦੀ ਠੰਢ 'ਚ ਸੰਘਰਸ਼ ਕਰ ਰਹੇ ਹਨ ਅਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਦੀਆਂ ਕੇਂਦਰ ਸਰਕਾਰ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਕੇਂਦਰ ਦਾ ਅੜੀਅਲ ਵਤੀਰਾ ਤਾਂ ਅਜੇ ਵੀ ਕਾਨੂੰਨਾਂ ਨੂੰ ਕਿਸਾਨਾਂ ਲਈ ਫਾਇਦੇਮੰਦ ਦੱਸ ਰਿਹਾ ਹੈ। ਦੋਆਬਾ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਇਲਾਕੇ ਦੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਪਿੰਡ ਚੱਕਦਾਨਾ ਤੋਂ ਟਰੈਕਟਰਾਂ ਦਾ ਵੱਡਾ ਕਾਫਲਾ 23 ਮਾਰਚ ਨੂੰ ਦਿੱਲੀ ਵਿਖੇ ਰਵਾਨਾ ਹੋਵੇਗਾ। ਮਨਜੀਤ ਸਿੰਘ ਸਾਬਕਾ ਸਰਪੰਚ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਇਹ ਇਕ ਇਤਿਹਾਸ ਬਣੇਗਾ ਕਿ ਜਵਾਨ ਦੇ ਨਾਲ ਕਿਸਾਨ ਵੀ ਪਰੇਡ 'ਚ ਆਪਣਾ ਯੋਗਦਾਨ ਪਾਵੇਗਾ। ਉਨਾਂ ਕਿਹਾ ਕਿ ਜਿੰਨਾਂ ਇਹ ਕਿਸਾਨ ਅੰਦੋਲਨ ਲੰਬਾ ਹੋ ਰਿਹਾ ਹੈ ਉਨਾਂ ਹੀ ਕੇਂਦਰ ਸਰਕਾਰ ਦੇਸ਼ ਵਾਸੀਆਂ ਦੀਆਂ ਨਜ਼ਰਾਂ 'ਚ ਡਿਗਦੀ ਜਾ ਰਹੀ ਹੈ ਅਤੇ ਕਾਲੇ ਕਾਨੂੰਨਾਂ ਨੂੰ ਪਾਸ ਕਰਵਾਉਣ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਹੱਥ ਹੈ। ਹੁਣ ਭਾਂਵੇ ਅਸਤੀਫੇ ਜਾਂ ਧਰਨੇ ਲਗਾਈ ਜਾਣ ਇਨ੍ਹਾਂ ਲੀਡਰਾਂ ਨੇ ਵੀ ਕਿਸਾਨਾਂ ਨਾਲ ਧੋਖਾ ਕੀਤਾ। ਉਨਾਂ ਕਿਹਾ ਕਿ ਇਨਾਂ ਕਾਨੂੰਨਾਂ 'ਚ ਸੋਧ ਕਰਨ ਦੀ ਬਜਾਏ ਇਸ ਰੱਦ ਕੀਤਾ ਜਾਵੇ। ਉਨ੍ਹਾਂ ਇਲਾਕੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਟਰੈਕਟਰ ਮਾਰਚ 'ਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਟਰੈਕਟਰਾਂ ਦਾ ਵੱਡਾ ਇਕੱਠ ਦੇਖਕੇ ਕੇਂਦਰ ਸਰਕਾਰ ਨੂੰ ਇਹ ਮਾੜੇ ਕਾਨੂੰਨ ਰੱਦ ਕਰਨ ਲਈ ਮਜ਼ਬੂਰ ਹੋਣਾ ਪੈ ਜਾਵੇ। ਇਸ ਮੌਕੇ ਤਜਿੰਦਰ ਸੋਢੀ, ਸਤਨਾਮ ਸਿੰਘ, ਪਰਮਜੀਤ ਸਿੰਘ, ਸੁਰਿੰਦਰ ਸਿੰਘ, ਪਰਮਜੀਤ, ਨਰਿੰਦਰ ਸਿੰਘ, ਰਵਿੰਦਰ ਸਿੰਘ, ਕੁਲਵੰਤ ਸਿੰਘ, ਪ੍ਰਦੀਪ ਸਿੰਘ ਤੋਂ ਇਲਾਵਾ ਹੋਰ ਕਿਸਾਨ ਵੀ ਹਾਜ਼ਰ ਸਨ।