ਜੇਐੱਨਐੱਨ, ਚੰਡੀਗੜ੍ਹ

ਪੁਲਿਸ ਨੇ ਅਜਿਹੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ ਜਿਹੜਾ ਸ਼ਹਿਰ ਵਿਚ ਲੋਕਾਂ ਤੋਂ ਲੰਗਰ ਤੇ ਛਬੀਲ ਲਾਉਣ ਦੇ ਨਾਂ 'ਤੇ ਪੈਸੇ ਇਕੱਤਰ ਕਰਦੇ ਸਨ। ਇਨ੍ਹਾਂ ਪੈਸਿਆਂ ਨਾਲ ਉਹ ਸਮਾਜ ਸੇਵਾ ਦਾ ਕੋਈ ਕੰਮ ਕਰਨ ਦੀ ਬਜਾਏ 'ਆਪਣੇ ਖ਼ਰਚੇ' ਪੂਰੇ ਕਰਦੇ ਸਨ। ਲੰਘੇ ਸੋਮਵਾਰ ਨੂੰ ਸੈਕਟਰ 36 ਥਾਣਾ ਦੀ ਪੁਲਿਸ ਨੇ ਇਸ ਗਿਰੋਹ ਦੇ ਚਾਰ ਗੁਰਗਿਆਂ 'ਤੇ ਆਈਪੀਸੀ ਦੀ ਧਾਰਾ 420, 471 ਤੇ 120ਬੀ ਤਹਿਤ ਮਾਮਲਾ ਦਰਜ ਕਰ ਕੇ ਹਿਰਾਸਤ ਵਿਚ ਲੈ ਲਏ। ਚਾਰਾਂ ਅਨਸਰਾਂ ਦੀ ਪਛਾਣ ਲੁਧਿਆਣਾ ਦੇ ਪ੍ਰਰੀਤਮ ਸਿੰਘ, ਲਖਵਿੰਦਰ ਸਿੰਘ, ਰੂਪਨਗਰ ਵਾਸੀ ਅਰਜਨ ਸਿੰਘ ਤੇ ਪਟਿਆਲਾ ਵਾਸੀ ਗੁਰਮੀਤ ਸਿੰਘ ਦੇ ਤੌਰ 'ਤੇ ਹੋਈ ਹੈ। ਚਾਰੇ ਅਨਸਰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਪੈਸੇ ਮੰਗਦੇ ਹੁੰਦੇ ਸਨ।

ਮੰਗਲਵਾਰ ਨੂੰ ਸੈਕਟਰ 36 ਥਾਣਾ ਦੀ ਪੁਲਿਸ ਨੇ ਚਾਰਾਂ ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕਰ ਕੇ ਚਾਰਾਂ ਨੂੰ ਜੇਲ੍ਹ ਭੇਜ ਦਿੱਤਾ ਹੈ। ਪੁਲਿਸ ਤੋਂ ਪ੍ਰਰਾਪਤ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਕਈ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸ਼ਹਿਰ ਵਿਚ ਕੁਝ ਲੋਕ ਲੰਗਰ ਤੇ ਛਬੀਲ ਲਾਉਣ ਦੇ ਨਾਂ 'ਤੇ ਲੋਕਾਂ ਨੂੰ ਜਜ਼ਬਾਤੀ ਕਰ ਕੇ ਪੈਸੇ ਮੰਗਦੇ ਫਿਰਦੇ ਹਨ। ਜਦੋਂ ਉਨ੍ਹਾਂ ਦੇ ਦੱਸੇ ਪਤੇ 'ਤੇ ਜਾ ਕੇ ਦੇਖਿਆ ਤਾਂ ਉਥੇ ਕੋਈ ਲੰਗਰ ਜਾਂ ਛਬੀਲ ਦਾ ਪ੍ਰਰੋਗਰਾਮ ਨਹੀਂ ਸੀ। ਇਸ ਮਗਰੋਂ ਸੈਕਟਰ 36 ਥਾਣਾ ਪੁਲਿਸ ਨੂੰ ਪਤਾ ਲੱਗਿਆ ਹੈ ਕਿ ਅਜਿਹਾ ਹੀ ਗਿਰੋਹ ਸੈਕਟਰ 42 ਵਿਚ ਪੈਸੇ ਮੰਗਦੇ ਫਿਰਦੇ ਹਨ। ਪੁਲਿਸ ਟੀਮ ਨੇ ਤੁਰੰਤ ਮੌਕੇ 'ਤੇ ਜਾ ਕੇ ਚਾਰੇ ਜਣੇ ਫੜ ਲਏ ਸਨ। ਪੁਲਿਸ ਨੇ ਜਦੋਂ ਇਨ੍ਹਾਂ ਤੋਂ ਧਾਰਮਿਕ ਜਥੇਬੰਦੀ ਦਾ ਨਾਂ ਪੁੱਿਛਆ ਤਾਂ ਇਹ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ। ਇਸ ਤੋਂ ਇਲਾਵਾ ਜਦੋਂ ਪੁਲਿਸ ਨੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਚਾਰ ਡਾਇਰੀਆਂ ਮਿਲੀਆਂ ਜਿਨ੍ਹਾਂ ਨਾਲ ਇਹ ਲੋਕਾਂ ਨੂੰ ਸਲਿਪ ਬਣਾ ਕੇ ਦਿੰਦੇ ਸਨ। ਇਨ੍ਹਾਂ ਦਾ ਵੱਡਾ ਖਲਾਰਾ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।