ਪ੍ਰਦੀਪ ਭਨੋਟ, ਨਵਾਂਸ਼ਹਿਰ

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਕੋਰੋਨਾ ਵਾਇਰਸ ਦੇ ਖਾਤਮੇ ਲਈ ਕੋਵਿਡ-19 ਟੀਕਾਕਰਨ ਦੀ ਸ਼ੁਰੂਆਤ ਕਰ ਦਿੱਤੀ ਗਈ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਦਿੱਤਿਆ ਉੱਪਲ ਅਤੇ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਅੱਜ ਰਿਬਨ ਕੱਟ ਕੇ ਸਾਂਝੇ ਤੌਰ 'ਤੇ ਕੋਵਿਡ-19 ਟੀਕਾਕਰਨ ਮੁਹਿੰਮ ਦਾ ਉਦਘਾਟਨ ਕੀਤਾ। ਇਸ ਮੌਕੇ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਦਵਿੰਦਰ ਢਾਂਡਾ ਨੇ ਦੱਸਿਆ ਅੱਜ ਸਵੇਰੇ ਸਿਵਲ ਹਸਪਤਾਲ, ਨਵਾਂਸ਼ਹਿਰ ਵਿਖੇ ਕੋਵਿਡ-19 ਦਾ ਪਹਿਲਾ ਟੀਕਾ ਲਗਾ ਕੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਪਹਿਲਾ ਟੀਕਾ ਸਿਹਤ ਵਿਭਾਗ ਵਿਚ ਕੰਮ ਕਰਦੇ ਇਕ ਬਲਾਕ ਐਕਸਟੈਨਸ਼ਨ ਐਜੂਕੇਟਰ ਅਤੇ ਕਮਿਊਨਿਟੀ ਸਿਹਤ ਕੇਂਦਰ ਮੁਕੰਦਪੁਰ ਵਿਖੇ ਪਹਿਲਾ ਟੀਕਾ ਇਕ ਡਾਕਟਰ ਨੇ ਲਗਵਾਇਆ। ਡਾ. ਕਪੂਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਜਿੰਨੇ ਵੀ ਹੈਲਥ ਕੇਅਰ ਵਰਕਰਾਂ ਨੂੰ ਟੀਕੇ ਲਾਏ ਗਏ, ਉਹ ਪੂਰੀ ਤਰ੍ਹਾਂ ਨਾਲ ਫਿੱਟ ਹਨ। ਹੈਲਥ ਕੇਅਰ ਵਰਕਰਾਂ ਦੀ ਸਿਹਤ ਉੱਤੇ ਕੋਵਿਡ-19 ਟੀਕੇ ਦਾ ਕੋਈ ਸਾਈਡ ਇਫੈਕਟ ਦੇਖਣ ਨੂੰ ਨਹੀਂ ਮਿਲਿਆ। ਸਾਵਧਾਨੀ ਦੇ ਤੌਰ ਉੱਤੇ ਟੀਕਾਕਰਨ ਤੋਂ ਬਾਅਦ ਹੈਲਥ ਕੇਅਰ ਵਰਕਰਾਂ ਨੂੰ ਅੱਧਾ ਘੰਟਾ ਡਾਕਟਰਾਂ ਦੀ ਨਿਗਰਾਨੀ ਵਿਚ ਰੱਖਿਆ ਗਿਆ। ਇਸ ਸਬੰਧੀ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਦਵਿੰਦਰ ਢਾਂਡਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ-19 ਵੈਕਸੀਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਉਨ੍ਹਾਂ ਦੱਸਿਆ ਕਿ ਸ਼ਨਿੱਚਰਵਾਰ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਪਾਲ ਕਟਾਰੀਆ ਅਤੇ ਕਮਿਊਨਿਟੀ ਸਿਹਤ ਕੇਂਦਰ ਵਿਖੇ ਮੁਕੰਦਪੁਰ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵੀਇੰਦਰ ਸਿੰਘ ਦੀ ਅਗਵਾਈ ਵਿਚ ਹੈਲਥ ਕੇਅਰ ਵਰਕਰਾਂ ਨੂੰ ਕੋਵਿਡ-19 ਵੈਕਸੀਨ ਦੇ ਟੀਕੇ ਲਗਾਏ ਗਏ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹਾਲ ਦੀ ਘੜੀ ਕੇਵਲ ਦੋ ਸਥਾਨਾਂ ਹੀ 'ਤੇ ਟੀਕੇ ਲਗਾਏ ਜਾ ਰਹੇ ਹਨ। ਹੈਲਥ ਕੇਅਰ ਵਰਕਰਾਂ ਨੂੰ ਟੀਕਾਕਰਨ ਦੀ ਜਾਣਕਾਰੀ ਡਿਜੀਟਲ ਪਲੇਟਫਾਰਮ ਕੋਵਿਨ ਐਪ ਰਾਹੀਂ ਦਿੱਤੀ ਗਈ। ਡਾ. ਢਾਂਡਾ ਨੇ ਦੱਸਿਆ ਕਿ ਹਰੇਕ ਸੈਸ਼ਨ ਸਾਈਟ 'ਤੇ ਅੱਜ ਪੰਜ-ਪੰਜ ਵੈਕਸੀਨੇਸ਼ਨ ਅਫ਼ਸਰ ਅਤੇ ਇਕ-ਇਕ ਸੁਪਰਵਾਈਜ਼ਰ ਤਾਇਨਾਤ ਕੀਤੇ ਗਏ। ਸਭ ਤੋਂ ਪਹਿਲਾਂ ਵੈਕਸੀਨੇਸ਼ਨ ਅਫ਼ਸਰ-1 ਵੱਲੋਂ ਕੋਵਿਡ-19 ਟੀਕੇ ਦੇ ਰਜਿਸਟਰਡ ਲਾਭਪਾਤਰੀਆਂ ਦੇ ਹੱਥ ਸੈਨੇਟਾਈਜ ਕਰਵਾਕੇ ਵੇਟਿੰਗ ਰੂਮ ਵਿਚ ਬਿਠਾਇਆ ਗਿਆ। ਜਿਸ ਦੌਰਾਨ ਲਾਭਪਾਤਰੀ ਸੂਚੀ ਵਿਚ ਦਰਜ ਨਾਮ ਦੀ ਤਸਦੀਕ ਕੀਤੀ ਗਈ। ਇਸੇ ਦੌਰਾਨ ਵੈਕਸੀਨੇਸ਼ਨ ਅਫਸਰ ਵੱਲੋਂ ਕੋ-ਵਿਨ ਪੋਰਟਲ 'ਤੇ ਲਾਭਪਾਤਰੀ ਦੀ ਰਜਿਸਟ੍ਰੇਸ਼ਨ ਦੀ ਬਾਰੀਕੀ ਨਾਲ ਘੋਖ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਵੈਕਸੀਨੇਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਲਾਭਪਾਤਰੀ ਹੈਲਥ ਕੇਅਰ ਵਰਕਰ ਨੂੰ ਕੋਵਿਡ-19 ਦਾ ਟੀਕਾ ਲਾਉਣ ਉਪਰੰਤ ਲਾਭਪਾਤਰੀ ਨੂੰ ਦੂਜਾ ਟੀਕਾ ਲਗਵਾਉਣ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਗਈ। ਦੂਜੇ ਟੀਕੇ ਲਈ ਵੀ ਲਾਭਪਾਤਰੀਆਂ ਨੂੰ ਮੈਸੇਜ ਉਨ੍ਹਾਂ ਦੇ ਰਜਿਸਟਰਡ ਮੋਬਾਇਲ ਨੰਬਰ 'ਤੇ ਹੀ ਭੇਜਿਆ ਜਾਵੇਗਾ। ਲਾਭਪਾਤਰੀ ਦੇ ਟੀਕਾ ਲਾਉਣ ਉਪਰੰਤ ਉਸ ਨੂੰ ਅੱਧੇ ਘੰਟੇ ਲਈ ਵੈਕਸੀਨੇਸ਼ਨ ਅਫਸਰ-4 ਅਤੇ ਵੈਕਸੀਨੇਸ਼ਨ ਅਫਸਰ-5 ਦੀ ਨਿਗਰਾਨੀ ਵਿਚ ਰੱਖਿਆ ਗਿਆ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਬਲਵਿੰਦਰ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਦਵਿੰਦਰ ਢਾਂਡਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਜ ਰਾਣੀ, ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਪਾਲ ਕਟਾਰੀਆ, ਨੋਡਲ ਅਫ਼ਸਰ ਅਤੇ ਡਾ. ਹਰਪਿੰਦਰ ਸਿੰਘ, ਡਾ. ਸਤਵਿੰਦਰ ਸਿੰਘ ਅਤੇ ਜ਼ਿਲ੍ਹਾ ਪ੍ਰਰੋਗਰਾਮ ਮੈਨੇਜਰ ਰਾਮ ਸਿੰਘ, ਬਲਾਕ ਐਜੂਕੇਟਰ ਵਿਕਾਸ ਵਿਰਦੀ ਅਤੇ ਸਿਵਲ ਸਰਜਨ ਦੇ ਸਹਾਇਕ ਅਜੇ ਕੁਮਾਰ, ਫਾਰਮੇਸੀ ਅਫ਼ਸਰ ਪਰਮਵੀਰ ਪਿ੍ਰੰਸ, ਐੱਲਐੱਚਵੀ ਬਲਵਿੰਦਰ ਕੌਰ, ਸੀਨੀਅਰ ਨਰਸਿੰਗ ਸਿਸਟਰ ਰਾਜ, ਏਐਨਐਮ ਮਨਪ੍ਰਰੀਤ ਕੌਰ, ਰਿੰਪੀ ਸਹੋਤਾ, ਬਲਜੀਤ ਕੌਰ, ਮਨਜੀਤ ਕੌਰ, ਸੋਨੀਆ ਅਤੇ ਜੋਤੀ ਵੱਲੋਂ ਹੈਲਥ ਕੇਅਰ ਵਰਕਰਾਂ ਦਾ ਟੀਕਾਕਰਨ ਕੀਤਾ ਗਿਆ। ਜਦੋਂ ਕਿ ਰਾਜੇਸ਼ ਕੁਮਾਰ, ਰਾਜ ਕੁਮਾਰ, ਅਜੇ ਕੁਮਾਰ, ਸੁਸ਼ੀਲ ਕੁਮਾਰ, ਪੰਕਜ ਅਤੇ ਚਮਨ ਲਾਲ ਵੱਲੋਂ ਨਿਗਰਾਨੀ ਰੂਮ ਵਿਚ ਡਿਊਟੀ ਨਿਭਾਈ ਗਈ।

ਮੁਕੰਦਪੁਰ 'ਚ ਡਾ. ਪੂਨਮ ਦੀਪ ਨੇ ਲਗਵਾਇਆ ਪਹਿਲਾ ਕੋਵਿਡ-19 ਦਾ ਟੀਕਾ

ਮੁਕੰਦਪੁਰ 'ਚ ਐੱਸਐਮਓ ਡਾ. ਰਵਿੰਦਰ ਸਿੰਘ ਮੁਕੰਦਪੁਰ ਦੀ ਅਗਵਾਈ 'ਚ ਟੀਕਾਕਰਨ ਸ਼ੁਰੂ

ਜਸਵਿੰਦਰ ਕੌਰ ਗੁਣਾਚੌਰ, ਮੁਕੰਦਪੁਰ

ਸੀਐੱਚਸੀ ਮੁਕੰਦਪੁਰ ਦੇ ਐੱਸਐਮਓ ਡਾ. ਰਵਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਡਾ. ਪੂਨਮ ਦੀਪ ਨੇ ਕੋਵਿਡ-19 ਦਾ ਪਹਿਲਾ ਟੀਕਾ ਲਗਵਾਇਆ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਖ਼ਾਤਮੇ ਲਈ ਜ਼ਿਲ੍ਹੇ ਵਿਚ ਵੈਕਸੀਨੇਸ਼ਨ ਕਰਨ ਦੀ ਕੇਂਦਰ, ਸੂਬਾ ਸਰਕਾਰ ਅਤੇ ਸਿਹਤ ਵਿਭਾਗ ਦੀ ਅਗਵਾਈ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸਾਨੂੰ ਦਿ੍ਡ ਇੱਛਾ ਸ਼ਕਤੀ ਨਾਲ ਆਪਣਾ ਟੀਕਾਕਰਣ ਕਰਵਾਕੇ ਇਸ ਮੁਹਿੰਮ ਨੂੰ ਸਫਲ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਟੀਕਾਕਰਣ ਤੋਂ ਪਹਿਲਾ ਅਤੇ ਬਾਅਦ ਵਿਚ ਵੀ ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਪਹਿਨੀਏ, ਵਾਰ-ਵਾਰ ਹੱਥ ਧੋਈਏ, ਸਰੀਰਕ ਦੂਰੀ ਬਣਾ ਕੇ ਰਖੀਏ। ਇਸ ਮੌਕੇ ਸਿਹਤ ਮੁਲਾਜ਼ਮ ਵੀ ਹਾਜ਼ਰ ਸਨ। ਇਸ ਮੌਕੇ ਸਿਹਤ ਮੁਲਾਜ਼ਮ ਅਤੇ ਸਟਾਫ ਮੈਂਬਰ ਵੀ ਹਾਜ਼ਰ ਸਨ।