ਪ੍ਰਦੀਪ ਭਨੋਟ, ਨਵਾਂਸ਼ਹਿਰ

ਕੋਵਿਡ-19 ਦੇ ਖਾਤਮੇ ਲਈ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਵੈਕਸੀਨ ਦੀ ਡਿਲਵਰੀ ਲਈ ਅੱਜ ਰਸ਼ ਹੋਣ ਕਾਰਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਸਵੇਰੇ ਇਹ ਦਵਾਈ ਮਿਲਣ ਦੀ ਆਸ ਹੈ। ਇਸ ਦਾ ਖੁਲਾਸਾ ਕਰਦਿਆਂ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ ਦਵਿੰਦਰ ਢਾਂਡਾ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਕੋਰੋਨਾ ਦਾ ਖਾਤਮਾ ਕਰਨ ਵਾਲੀ ਵੈਕਸੀਨ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪਹਿਲਾ ਹੈਲਥ ਕੇਅਰ ਵਰਕਰਾਂ ਨੂੰ ਇਹ ਵੈਕਸੀਨ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਹਾਲੇ 4376 ਹੈਲਥ ਕੇਅਰ ਵਰਕਰ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ਤੇ ਪਹਿਲਾ 5 ਥਾਵਾਂ ਤੇ ਡਰਾਈ ਰਨ ਕੀਤਾ ਜਾ ਚੁਕਾ ਹੈ। ਉਨ੍ਹਾਂ ਕਿਹਾ ਕਿ ਪਰ ਦਵਾਈ ਮਿਲਣ ਤੇ ਉਹ 5 ਤੋਂ 17 ਸਾਈਟਾਂ 'ਤੇ ਵੈਕਸੀਨ ਲਗਵਾਉਣ ਦੀ ਤਿਆਰੀ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ਼ਾਮ ਤੱਕ ਵੈਕਸੀਨ ਦੀ ਗਿਣਤੀ ਮਿਲਣ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਹ ਵੈਕਸੀਨੇਸ਼ਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੈਲਥ ਕੇਅਰ ਵਰਕਰ ਤੋਂ ਬਾਅਦ ਇਹ ਵੈਕਸੀਨ ਫਰੰਟ ਲਾਈਨ ਵਰਕਰਾਂ ਨੂੰ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਵੈਕਸੀਨ ਲਗਾਉਣ ਲਈ ਉਨ੍ਹਾਂ ਦੀ ਤਿਆਰੀ ਪੁਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ 100 ਲੋਕਾਂ ਨੂੰ ਇਹ ਵੈਕਸੀਨ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਹਾਲੇ ਫਰੰਟ ਲਾਈਨ ਵਰਕਰਾਂ ਦਾ ਡਾਟਾ ਵੀ ਤਿਆਰ ਕੀਤਾ ਜਾ ਰਿਹਾ ਹੈ। ਜਿਸ ਦੇ ਆਧਾਰ ਤੇ ਵੈਕਸੀਨੇਸ਼ਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੈਲਥ ਕੇਅਰ ਵਰਕਰਾਂ ਨੰੂ 24 ਘੰਟੇ ਪਹਿਲਾ ਟੀਕਾਕਰਨ ਸਬੰਧੀ ਜਾਣਕਾਰੀ ਕੋਵਿਡ ਐਪ ਰਾਹੀਂ ਦੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਾਮ ਤਕ ਸਾਰੀ ਸਥਿਤੀ ਬਾਰੇ ਪਤਾ ਚਲ ਸਕੇਗਾ।

ਸਿਹਤ ਵਿਭਾਗ ਕੋਵਿਡ-19 ਟੀਕਾਕਰਨ ਲਈ ਪੂਰੀ ਤਰ੍ਹਾਂ ਤਿਆਰ

ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਦਵਿੰਦਰ ਢਾਂਡਾ ਨੇ ਦੱਸਿਆ ਕਿ ਕੋਵਿਡ-19 ਵੈਕਸੀਨ ਲਈ 'ਡਰਾਈ ਰਨ' ਅਭਿਆਸ ਸਫਲਤਾ ਪੂਰਵਕ ਨੇਪਰੇ ਚਾੜਿ੍ਹਆ ਗਿਆ ਹੈ ਅਤੇ ਸਿਹਤ ਵਿਭਾਗ ਕੋਵਿਡ-19 ਟੀਕਾਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦੱੱਸਿਆ ਕਿ ਜ਼ਿਲ੍ਹੇ ਅੰਦਰ ਪੰਜ ਸੈਸ਼ਨ ਸਾਈਟਾਂ ਸਿਵਲ ਹਸਪਤਾਲ ਨਵਾਂਸ਼ਹਿਰ, ਸੀਐੱਚਸੀ ਮੁਕੰਦਪੁਰ, ਮਿੰਨੀ ਪੀਐੱਚਸੀ ਜਾਡਲਾ, ਸਬ ਸੈਂਟਰ ਉਸਮਾਨਪੁਰ ਅਤੇ ਆਈਵੀ ਹਸਪਤਾਲ ਨਵਾਂਸ਼ਹਿਰ ਵਿਖੇ ਸਵੇਰੇ 9 ਤੋਂ 5 ਵਜੇ ਤੱਕ ਟੀਕੇ ਲਗਾਏ ਜਾ ਸਕਣਗੇ। ਹਰੇਕ ਸੈਸ਼ਨ ਸਾਈਟ 'ਤੇ ਪੰਜ-ਪੰਜ ਵੈਕਸੀਨੇਸ਼ਨ ਅਫਸਰ ਅਤੇ ਇਕ ਸੁਪਰਵਾਈਜ਼ਰ ਤਾਇਨਾਤ ਕੀਤੇ ਜਾਣਗੇ। ਜਿਨ੍ਹਾਂ ਨੂੰ ਕੋਵਿਡ-19 ਟੀਕਾਕਰਨ ਦੀ ਪ੍ਰਕਿਰਿਆ ਸਬੰਧੀ ਅਲੱਗ-ਅਲੱਗ ਡਿਊਟੀਆਂ ਸੌਂਪੀਆਂ ਹਨ। ਸਭ ਤੋਂ ਪਹਿਲਾਂ ਵੈਕਸੀਨੇਸ਼ਨ ਅਫਸਰ-1 ਵੱਲੋਂ ਕੋਵਿਡ-19 ਟੀਕੇ ਦੇ ਰਜਿਸਟਰਡ ਲਾਭਪਾਤਰੀਆਂ ਦੇ ਹੱਥ ਸੈਨੇਟਾਈਜ ਕਰਵਾਕੇ ਵੇਟਿੰਗ ਰੂਮ ਵਿਚ ਬਿਠਾਇਆ ਗਿਆ ਅਤੇ ਲਾਭਪਾਤਰੀ ਸੂਚੀ ਵਿਚ ਦਰਜ ਨਾਮ ਦੀ ਤਸਦੀਕ ਕੀਤੀ ਜਾਵੇਗੀ। ਇਸੇ ਦੌਰਾਨ ਵੈਕਸੀਨੇਸ਼ਨ ਅਫਸਰ-2 ਵੱਲੋਂ ਕੋ-ਵਿਨ ਪੋਰਟਲ 'ਤੇ ਲਾਭਪਾਤਰੀ ਦੀ ਰਜਿਸਟ੍ਰੇਸ਼ਨ ਚੈੱਕ ਕੀਤੀ ਜਾਵੇਗੀ। ਇਸ ਤੋਂ ਬਾਅਦ ਉਸ ਨੂੰ ਵੈਕਸੀਨੇਟਰ ਕੋਲ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੋਵਿਡ-19 ਟੀਕਾਕਰਨ ਉਪਰੰਤ ਲਾਭਪਾਤਰੀ ਨੂੰ ਦੂਜਾ ਟੀਕਾ ਲਗਵਾਉਣ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਦੂਜੇ ਟੀਕੇ ਲਈ ਵੀ ਲਾਭਪਾਤਰੀਆਂ ਨੂੰ ਮੈਸੇਜ ਉਨ੍ਹਾਂ ਦੇ ਰਜਿਸਟਰਡ ਮੋਬਾਇਲ ਨੰਬਰ 'ਤੇ ਹੀ ਭੇਜਿਆ ਜਾਵੇਗਾ। ਲਾਭਪਾਤਰੀ ਦੇ ਟੀਕਾ ਲਾਉਣ ਉਪਰੰਤ ਉਸ ਨੂੰ ਅੱਧੇ ਘੰਟੇ ਲਈ ਵੈਕਸੀਨੇਸ਼ਨ ਅਫਸਰ-4 ਅਤੇ ਵੈਕਸੀਨੇਸ਼ਨ ਅਫਸਰ-5 ਦੀ ਨਿਗਰਾਨੀ ਵਿਚ ਰੱਖਿਆ ਗਿਆ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਐਮਰਜੈਂਸੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਕਿਹਾ ਕਿ ਡਰਾਈ ਰਨ ਅਭਿਆਸ ਕੋਵਿਡ-19 ਦਾ ਟੀਕਾਕਰਨ ਕਰਨ ਵਾਲੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਮਦਦਗਾਰ ਸਾਬਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਹੁਣ ਸਿਹਤ ਵਿਭਾਗ ਕੋਵਿਡ-19 ਟੀਕਾਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਭਵਿੱਖ ਵਿਚ ਇਸ ਕੰਮ ਨੂੰ ਸੁਚਾਰੂ ਢੰਗ ਨਾਲ ਪੂਰਾ ਕੀਤਾ ਜਾਵੇਗਾ।