ਪ੍ਰਦੀਪ ਭਨੋਟ, ਨਵਾਂਸ਼ਹਿਰ

ਜ਼ਿਲ੍ਹੇ 'ਚ ਰਾਤ ਸਮੇਂ ਅਮਨ-ਕਾਨੂੰਨ ਦੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖਣ ਲਈ ਸੀਨੀਅਰ ਪੁਲਿਸ ਕਪਤਾਨ (ਐੱਸਐੱਸਪੀ) ਕੰਵਰਦੀਪ ਕੌਰ ਨੇ ਜ਼ਿਲ੍ਹੇ 'ਚ ਤਿੰਨ ਗਜ਼ਟਿਡ ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ 120 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਹਨ। ਇਸ ਮੁਹਿੰਮ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਐੱਸਐੱਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਇਹ ਟੀਮਾਂ ਜ਼ਿਲ੍ਹੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤਿੰਨਾਂ ਸਬ-ਡਿਵੀਜ਼ਨਾਂ ਵਿੱਚ ਵੱਖ-ਵੱਖ ਥਾਵਾਂ 'ਤੇ ਪੁਲਿਸ ਨਾਕੇ ਲਗਾ ਕੇ ਚੈਕਿੰਗ ਕਰਨਗੀਆਂ ਅਤੇ ਨਿੱਜੀ ਵਾਹਨਾਂ ਦੀ ਫਿਜ਼ੀਕਲ ਚੈਕਿੰਗ ਦੀ ਨਿਗਰਾਨੀ ਕਰਨਗੀਆਂ। ਉਨਾਂ੍ਹ ਕਿਹਾ ਕਿ ਜ਼ਿਲ੍ਹੇ ਦੇ ਐਂਟਰੀ ਪੁਆਇੰਟਾਂ ਨੂੰ ਪੂਰੀ ਤਰਾਂ੍ਹ ਸੀਲ ਕਰ ਦਿੱਤਾ ਗਿਆ ਹੈ ਅਤੇ ਕਿਸੇ ਵੀ ਵਾਹਨ ਨੂੰ ਬਿਨਾਂ ਚੈਕਿੰਗ ਦੇ ਨਹੀਂ ਜਾਣ ਦਿੱਤਾ ਜਾਵੇਗਾ। ਜ਼ਿਲ੍ਹੇ ਵਿਚ 24 ਘੰਟੇ ਚੌਕਸੀ ਰੱਖੀ ਜਾ ਰਹੀ ਹੈ। ਜਿਸ ਲਈ ਇਹ ਟੀਮਾਂ ਆਪੋ ਆਪਣੇ ਇਲਾਕਿਆਂ 'ਚ ਗਸ਼ਤ ਕਰ ਰਹੀਆਂ ਹਨ। ਜ਼ਿਲ੍ਹਾ ਪੁਲੀਸ ਮੁਖੀ ਨੇ ਟੀਮਾਂ ਨੂੰ ਆਪਣੀ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਦੇ ਰਹਿਣ ਲਈ ਪੇ੍ਰਿਤ ਕੀਤਾ। ਉਨਾਂ੍ਹ ਦੱਸਿਆ ਕਿ ਉਹ ਖੁਦ ਵੀ 'ਓਪਰੇਸ਼ਨ ਨਾਈਟ ਡੋਮੀਨੇਸ਼ਨ' ਤਹਿਤ ਲਗਾਈਆਂ ਗਈਆਂ ਟੀਮਾਂ ਦੀ ਚੈਕਿੰਗ ਲਈ ਜਾਂਦੇ ਹਨ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਜ਼ਿਲ੍ਹੇ ਨੂੰ ਗਲਤ ਅਨਸਰਾਂ ਤੋਂ ਮੁਕਤ ਰੱਖ ਕੇ, ਲੋਕਾਂ ਨੂੰ ਪੂਰਨ ਸੁਰੱਖਿਆ ਦਾ ਮਾਹੌਲ ਦਿੱਤਾ ਜਾਵੇ।