ਭੰਵਰਾ/ਗਿੱਲ, ਸ੍ਰੀ ਮੁਕਤਸਰ ਸਾਹਿਬ : ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਬੀਕੇ ਉਪਲ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਯੂਨਿਟ ਸ੍ਰੀ ਮੁਕਤਸਰ ਸਾਹਿਬ ਨੇ ਨਹਿਰੀ ਵਿਭਾਗ ਦੇ ਜ਼ਿਲ੍ਹੇਦਾਰ ਅਤੇ ਪਟਵਾਰੀ ਨੂੰ ਪਾਣੀ ਦੀ ਵਾਰੀ ਪੱਕੀ ਕਰਵਾਉਣ ਤੇ ਤਿੰਨ ਨੱਕੇ ਲਗਾਉਣ ਬਦਲੇ 13 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗ ਹੱਥੀਂ ਕਾਬੂ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਪ ਕਪਤਾਨ ਪੁਲਿਸ ਵਿਜੀਲੈਂਸ ਗੁਰਿੰਦਰਜੀਤ ਸਿੰਘ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਵਾਸੀ ਪਿੰਡ ਹਰੀਕੇ ਕਲਾਂ (ਸ੍ਰੀ ਮੁਕਤਸਰ ਸਾਹਿਬ) ਨੇ ਵਿਜੀਲੈਂਸ ਦਫ਼ਤਰ ਮੁਕਤਸਰ ਵਿਖੇ ਪਹੁੰਚ ਕੇ ਬਿਆਨ ਦਿੱਤੇ ਸੀ ਕਿ ਉਸਦੇ ਪਰਿਵਾਰ ਕੋਲ 34 ਕਿੱਲੇ ਜ਼ਮੀਨ ਹੈ ਜਿਸ ਵਿੱਚੋਂ 20 ਕਿੱਲੇ ਦਾ ਟੱਕ ਪਿੰਡ ਹਰੀਕੇ ਕਲਾਂ ਵਿਖੇ ਹੈ। ਜ਼ਮੀਨ ਦੇ ਟੱਕ ਨੂੰ ਨਵੇਂ ਮੋਘੇ ਤੋਂ ਪਾਣੀ ਲੱਗਦਾ ਹੈ ਅਤੇ ਇਹ ਪਾਣੀ ਦੀ ਵਾਰੀ ਸਾਰੇ ਹਿੱਸੇਦਾਰ ਆਪਣੀ ਸਹਿਮਤੀ ਨਾਲ ਲਗਾ ਰਹੇ ਹਨ। ਨਹਿਰੀ ਵਿਭਾਗ ਵੱਲੋਂ ਇਸਦੀ ਕੋਈ ਪੱਕੀ ਵਾਰੀ ਅਜੇ ਬੰਨ੍ਹੀ ਨਹੀਂ।

ਜ਼ਮੀਨ ਦੇ ਨਾਲ ਦੋ ਪੱਕੇ ਖ਼ਾਲ ਲੱਗਦੇ ਹਨ ਜਿਸ ਖਾਲ ਰਾਹੀਂ ਹੁਣ ਪਾਣੀ ਲੱਗ ਰਿਹਾ ਹੈ ਉਸ ਖਾਲ ਰਾਹੀਂ ਜ਼ਮੀਨ ਨੂੰ ਪਾਣੀ ਲਾਉਣ 'ਚ ਦਿੱਕਤ ਆਉਂਦੀ ਸੀ। ਪਾਣੀ ਦੀ ਵਾਰੀ ਪੱਕੀ ਕਰਵਾਉਣ ਤੇ ਤਿੰਨ ਨੱਕੇ ਲਗਾਉਣ ਲਈ ਉਹ ਹਲਕੇ ਦੇ ਪਟਵਾਰੀ ਸੁਖਮੰਦਰ ਕੁਮਾਰ ਅਤੇ ਪ੍ਰੋਸ਼ਤਮ ਦਾਸ ਜ਼ਿਲੇਦਾਰ ਕੋਟਕਪੂਰਾ ਨੂੰ ਮਿਲਿਆ ਸੀ। ਇਸ ਦੌਰਾਨ ਪਟਵਾਰੀ ਸੁਖਮੰਦਰ ਕੁਮਾਰ ਨੇ ਕਿਹਾ ਕਿ ਜੇਕਰ ਕੰਮ ਕਰਵਾਉਣਾ ਹੈ ਤਾਂ ਉਸਨੂੰ 30 ਹਜ਼ਾਰ ਰੁਪਏ ਰਿਸ਼ਵਤ ਦੇਣੀ ਹੋਵੇਗੀ। ਉਸਨੇ ਮਜ਼ਬੂਰੀਵੱਸ 26 ਹਜ਼ਾਰ ਰੁਪਏ ਰਿਸ਼ਵਤ ਦੋ ਕਿਸ਼ਤਾਂ 'ਚ ਦੇਣ ਲਈ ਹਾਮੀ ਭਰ ਦਿੱਤੀ। ਅੱਜ ਇਸ ਵਿੱਚੋਂ ਪਹਿਲੀ ਕਿਸ਼ਤ ਲੈਣ ਲਈ ਜਦੋਂ ਪਟਵਾਰੀ ਸੁਖਮੰਦਰ ਕੁਮਾਰ ਅਤੇ ਪ੍ਰਸ਼ੋਤਮ ਦਾਸ ਨੇ ਗੁਰਵਿੰਦਰ ਸਿੰਘ ਨੂੰ ਬੱਸ ਅੱਡਾ ਕੋਟਕਪੂਰਾ ਨੇੜੇ ਬਲਾਇਆ ਤਾਂ ਗੁਰਵਿੰਦਰ ਨੇ ਇਸ ਬਾਰੇ ਵਿਜੀਲੈਂਸ ਨੂੰ ਦੱਸਿਆ ਤਾਂ ਵਿਜੀਲੈਂਸ ਬਿਊਰੋ ਵੱਲੋਂ ਮੁਲਜ਼ਮ ਸੁਖਮੰਦਰ ਕੁਮਾਰ ਨਹਿਰੀ ਪਟਵਰੀ ਹਲਕਾ ਹਰੀਕੇ ਅਤੇ ਪ੍ਰਸ਼ੋਤਮ ਦਾਸ ਜ਼ਿਲ੍ਹੇਦਾਰ ਕੋਟਕਪੂਰਾ ਨੂੰ ਟਰੈਪ ਲਗਾ ਕੇ ਰੇਲਵੇ ਸਟੇਸ਼ਨ ਕੋਟਕਪੂਰਾ ਨੇੜੇ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ 13 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲਿਆ। ਕਾਬੂ ਕੀਤੇ ਮੁਲਜ਼ਮਾਂ ਦੇ ਖਿਲਾਫ਼ ਥਾਣਾ ਵਿਜੀਲੈਂਸ ਰੇਂਜ ਬਠਿੰਡਾ ਵਿਖੇ ਮਾਮਲਾ ਦਰਜ ਕਰ ਲਿਆ ਹੈ।

Posted By: Jagjit Singh