ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਅਰੁਨਵੀਰ ਵਸ਼ਿਸਟ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ ਅੰਡਰ ਟਰਾਇਲ ਰਿਵਿਊ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਕੋਰਟ ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਵਿਖੇ ਅੰਡਰ ਟਰਾਇਲ ਰਿਵਿਊ ਕਮੇਟੀ ਦੀ ਮੀਟਿੰਗ ਕੀਤੀ ਗਈ। ਮੀਟਿੰਗ 'ਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਮਿਸ. ਅਮਨ ਸ਼ਰਮਾ ਅਤੇ ਜ਼ਿਲ੍ਹਾ ਅਟਾਰਨੀ ਨਵਦੀਪ ਗਿਰਧਰ ਹਾਜਰ ਸਨ। ਜ਼ਿਲ੍ਹਾ ਮੈਜਿਸਟ੍ਰੇਟ ਐਮਕੇ ਆਰਾਵਿੰਦ, ਉਪ ਪੁਲਿਸ ਕਪਤਾਨ ਜਸਮੀਤ ਸਿੰਘ ਅਤੇ ਸੁਪਰਡੈਂਟ ਜ਼ਿਲ੍ਹਾ ਜ਼ੇਲ੍ਹ ਗੁਰਚਰਨ ਸਿੰਘ ਧਾਲੀਵਾਲ ਨੇ ਆਨਲਾਈਨ ਭਾਗ ਲਿਆ। ਮੀਟਿੰਗ ਦੌਰਾਨ ਹਵਾਲਾਤੀਆਂ ਦੇ ਲੰਬਿਤ ਕੇਸਾਂ ਸਬੰਧੀ ਵਿਚਾਰ-ਵਿਟਾਂਦਰਾ ਕੀਤਾ ਤਾਂ ਕਿ ਵੱਧ ਤੋਂ ਵੱਧ ਹਵਾਲਾਤੀਆਂ ਦੀ ਕਾਨੂੰਨ ਮੁਤਾਬਕ ਬਣਦੀ ਰਿਹਾਈ ਸੰਭਵ ਹੋ ਸਕੇ ਤੇ ਉਨ੍ਹਾਂ ਨੂੰ ਆਪਣਾ ਮੁਕੱਦਮਾਂ ਝਗੜਣ ਵਿਚ ਕੋਈ ਦਿੱਕਤ ਪੇਸ਼ ਨਾ ਆਵੇ। ਇਸੇ ਦਿਨ ਹੀ ਜ਼ਿਲ੍ਹਾ ਜੱਜ ਅਤੇ ਮਿਸ. ਅਮਨ ਸ਼ਰਮਾ ਨੇ ਜ਼ਿਲ੍ਹਾ ਜੇਲ੍ਹ ਦਾ ਆਨਲਾਈਨ ਦੌਰਾ ਕੀਤਾ ਜਿਸ ਦੌਰਾਨ ਉਨ੍ਹਾਂ ਨੇ ਬੰਦੀਆਂ ਦੀਆਂ ਮੁਸ਼ਕਲਾਂ ਸੁਣੀਆ ਤੇ ਮੌਕੇ ਉਨ੍ਹਾਂ ਦਾ ਨਿਪਟਾਰਾ ਕੀਤਾ। ਜੱਜ ਨੇ ਦੱਸਿਆ ਕਿ ਅਜਿਹੇ ਦੌਰੇ ਸਮੇਂ-ਸਮੇਂ 'ਤੇ ਕੀਤੇ ਜਾ ਰਹੇ ਹਨ। ਇਸੇ ਦਿਨ ਹੀ ਅਥਾਰਟੀ ਵੱਲੋਂ ਸਨਾਤਨ ਧਰਮ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੀਆਂ ਵਿਦਿਆਰਥਣਾਂ ਲਈ ਇੱਕ ਵੈਬੀਨਾਰ ਆਯੋਜਿਤ ਕੀਤਾ ਗਿਆ ਜਿਸ ਵਿੱਚ ਮਿਸ. ਅਮਨ ਸ਼ਰਮਾ ਦੁਆਰਾ ਮਹਿਲਾਵਾਂ ਦੇ ਖਿਲਾਫ ਅਪਰਾਧ, ਡੀਵੀ ਐਕਟ, ਪੰਜਾਬ ਪੀੜ੍ਹਤ ਮੁਆਵਜਾ ਸਕੀਮ, 2017 ਅਤੇ ਅੌਰਤ ਪੀੜਤਾਂ ਲਈ ਨਾਲਸਾ ਦੀ ਮੁਆਵਜਾ ਸਕੀਮ, 2018 ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਅਗਲੀ ਕੌਮੀ ਲੋਕ ਅਦਾਲਤ ਮਿਤੀ 10.07.2021 ਨੂੰ ਲਗਾਈ ਜਾਣੀ ਹੈ ਅਤੇ ਕਾਨੂੰਨੀ ਸਹਾਇਤਾ ਲਈ ਟੋਲ ਫ੍ਰੀ ਨੰਬਰ 1968 ਤੇ ਸੰਪਰਕ ਕੀਤਾ ਜਾ ਸਕਦਾ ਹੈ।