ਭੰਵਰਾ/ਗਿੱਲ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਜ਼ਿਲ੍ਹੇ ’ਚ ਚਿੱਟੇ ਦਾ ਨਸ਼ਾ ਨਾਸੂਰ ਬਣਦਾ ਜਾ ਰਿਹਾ ਹੈ। ਚਿੱਟੇ ਕਾਰਨ ਆਏ ਦਿਨ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਹੁੰਦੀ ਹੈ ਪਰ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਇਸ ਪ੍ਰਤੀ ਬਿਲਕੁਲ ਵੀ ਗੰਭੀਰ ਦਿਖਾਈ ਨਹੀਂ ਦੇ ਰਹੀ। ਮੁਕਤਸਰ ਜ਼ਿਲ੍ਹੇ ਅੰਦਰ ਇਕੋ ਦਿਨ ’ਚ ਚਿੱਟੇ ਦੇ ਨਸ਼ੇ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਿਨ੍ਹਾਂ ’ਚੋਂ ਇਕ ਝੋਰੜ ਤੇ ਦੂਜਾ ਮੁਕਤਸਰ ਦਾ ਰਹਿਣ ਵਾਲਾ ਸੀ। ਮੁਕਤਸਰ ਦੇ ਆਦੇਸ਼ ਨਗਰ ’ਚ ਬੀਤੇ ਦਿਨ ਲਵਪ੍ਰੀਤ ਸਿੰਘ (28) ਪੁੱਤਰ ਜਗਦੇਵ ਸਿੰਘ ਦੀ ਚਿੱਟੇ ਕਾਰਨ ਮੌਤ ਹੋ ਗਈ। ਇਸ ਸਬੰਧੀ ਜਗਦੇਵ ਸਿੰਘ ਨੇ ਦੱਸਿਆ ਕਿ ਉਸਦੇ ਲੜਕੇ ਲਵਪ੍ਰੀਤ ਸਿੰਘ ਨੂੰ ਅਨਵਰ ਉਰਫ਼ ਗਨੀ ਪੁੱਤਰ ਵਿਕਰਮ, ਵਿਨੈ ਪੁੱਤਰ ਵਿਕਰਮ, ਮੀਨਾ ਉਰਫ਼ ਵੀਨਾ ਪੁੱਤਰੀ ਵਕੀਲ ਚੰਦ ਤੇ ਪਿ੍ਰੰਸ ਪੁੱਤਰ ਸੁਰਿੰਦਰ ਕੁਮਾਰ ਚਿੱਟਾ ਦਿੰਦੇ ਸੀ ਤੇ ਬੀਤੇ ਦਿਨ ਉਸਦੀ ਚਿੱਟੇ ਦੇ ਨਸ਼ੇ ਕਾਰਨ ਮੌਤ ਹੋ ਗਈ। ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਮ੍ਰਿਤਕ ਲਵਪ੍ਰੀਤ ਦੇ ਪਿਤਾ ਜਗਦੇਵ ਸਿੰਘ ਦੇ ਬਿਆਨਾਂ ’ਤੇ ਉਕਤ ਚਾਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਮੁਲਜ਼ਮ ਹਾਲੇ ਪੁਲਿਸ ਦੀ ਗ੍ਰਿਫ਼ਤ ’ਚੋਂ ਬਾਹਰ ਹਨ।

ਦੂਜੇ ਮਾਮਲੇ ’ਚ ਪਿੰਡ ਝੋਰੜ ਵਿਖੇ ਨੌਜਵਾਨ ਗਗਨਦੀਪ ਸਿੰਘ ਦੀ ਵੀ ਬੀਤੇ ਦਿਨ ਹੀ ਚਿੱਟੇ ਦੇ ਨਸ਼ੇ ਕਾਰਨ ਮੌਤ ਹੋ ਗਈ। ਥਾਣਾ ਸਦਰ ਮਲੋਟ ਪੁਲਿਸ ਵੱਲੋਂ 11 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਗਗਨਦੀਪ ਸਿੰਘ ਦੇ ਪਿਤਾ ਬੀਰਬਲ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਬੰਟੀ ਪੁੱਤਰ ਗਮਦੂਰ ਸਿੰਘ ਉਰਫ਼ ਦੁੱਲਾ, ਭਿੰਦਾ ਸਿੰਘ, ਅਮਨਦੀਪ ਸਿੰਘ ਪੁਤਰਾਨ ਹਰਪਾਲ ਰਾਮ, ਬੱਬੂ ਕੌਰ ਪਤਨੀ ਭੋਲਾ ਸਿੰਘ, ਮਾਹਣੀ ਪਤਨੀ ਫੂਲਾ ਸਿੰਘ, ਨਿਰਮਲ ਸਿੰਘ ਪੁੱਤਰ ਫੂਲਾ ਸਿੰਘ, ਬਿੱਟੂ ਸਿੰਘ ਪੁੱਤਰ ਜੰਗੀਰ ਸਿੰਘ, ਸੋਮਵਤੀ ਦੇਵੀ ਪਤਨੀ ਅਮਨਦੀਪ ਸਿੰਘ, ਅਮਰਬੀਰ ਸਿੰਘ ਪੁੱਤਰ ਪੂਰਨ ਸਿੰਘ, ਜੱਗਾ ਪੁੱਤਰ ਫੂਲਾ ਸਿੰਘ ਵਾਸੀਆਨ ਝੋਰੜ ਪਿੰਡ ਵਿਚ ਨਸ਼ਾ ਵੇਚਣ ਦਾ ਧੰਦਾ ਕਰਦੇ ਹਨ। ਉਸ ਨੇ ਦੱਸਿਆ ਕਿ 26 ਜੂਨ 2022 ਨੂੰ ਗਗਨਦੀਪ ਸਿੰਘ ਦੀ ਚਿੱਟੇ ਦੇ ਨਸ਼ੇ ਕਾਰਨ ਮੌਤ ਹੋ ਗਈ। ਗਗਨਦੀਪ ਉਕਤਾਨ ਲੋਕਾਂ ਕੋਲੋਂ ਚਿੱਟਾ ਲੈ ਕੇ ਨਸ਼ਾ ਕਰਦਾ ਸੀ ਤੇ ਇਨ੍ਹਾਂ ਦੇ ਨਸ਼ਾ ਦੇਣ ਕਰਕੇ ਹੀ ਗਗਨਦੀਪ ਸਿੰਘ ਦੀ ਮੌਤ ਹੋਈ ਹੈ। ਇਸ ਸਬੰਧੀ ਉਸ ਨੇ ਫੇਸਬੁੱਕ ’ਤੇ ਪੋਸਟ ਵੀ ਪਾਈ ਹੈ। ਥਾਣਾ ਸਦਰ ਮਲੋਟ ਪੁਲਿਸ ਵੱਲੋਂ ਉਕਤਾਨ 11 ਲੋਕਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਜਿਨ੍ਹਾਂ ’ਚੋਂ 8 ਲੋਕਾਂ ਦੀ ਗ੍ਰਿਫ਼ਤਾਰ ਹੋ ਚੁੱਕੀ ਹੈ ਜਦਕਿ ਤਿੰਨ ਲੋਕ ਬੰਟੀ ਪੁੱਤਰ ਗਮਦੂਰ ਸਿੰਘ, ਭਿੰਦਾ ਉਰਫ਼ ਭੁਪਿੰਦਰ ਤੇ ਮਾਹਣੀ ਪਤਨੀ ਭੋਲਾ ਸਿੰਘ ਪੁਲਿਸ ਦੀ ਗ੍ਰਿਫ਼ਤ ’ਚੋਂ ਅਜੇ ਬਾਹਰ ਹਨ।

Posted By: Jagjit Singh