ਸੁਖਦੀਪ ਸਿੰਘ ਗਿੱਲ, ਸ੍ਰੀ ਮੁਕਤਸਰ ਸਾਹਿਬ : ਐੱਸਐੱਸਪੀ ਰਾਜਬਚਨ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਕੋਲੋਂ ਇਕ ਪਿਸਤੌਲ ਅਤੇ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਐੱਸਐੱਸਪੀ ਦਫ਼ਤਰ ਵਿਖੇ ਪ੍ਰਰੈਸ ਕਾਨਫਰੰਸ ਦੌਰਾਨ ਐੱਸਪੀ (ਇੰਨਵੈ.) ਗੁਰਮੇਲ ਸਿੰਘ ਨੇ ਦੱਸਿਆ ਕਿ 18 ਅਕਤੂਬਰ ਨੂੰ ਇਕਟਵਾਸ ਸਮਾਲ ਫਾਇਨਾਂਸ ਕੰਪਨੀ ਸ੍ਰੀ ਮੁਕਤਸਰ ਸਾਹਿਬ ਦਾ ਕਰਮਚਾਰੀ ਹਰਜੀਤ ਸਿੰਘ ਵਾਸੀ ਪਿੰਡ ਈਨਾ ਖੇੜਾ ਜੋ ਕਿ ਫਾਇਨਾਂਸ ਦੀਆਂ ਕਿਸ਼ਤਾਂ ਦੀ ਰਾਸ਼ੀ 63120 ਰੁਪਏ ਪਿੰਡ ਖਿੜਕੀਆਂ ਵਾਲਾ ਤੋਂ ਇਕੱਤਰ ਕਰਕੇ ਆਪਣੇ ਮੋਟਰਸਾਈਕਲ 'ਤੇ ਆ ਰਿਹਾ ਸੀ ਕਿ ਪਿੰਡ ਖਿੜਕੀਆਂ ਵਾਲਾ ਨੇੜੇ ਰਸਤੇ 'ਚ ਉਸਤੋਂ ਦੋ ਲੋਕ ਪਿਸਤੌਲ ਦੇ ਜ਼ੋਰ 'ਤੇ 63120 ਰੁਪਏ, ਬਟੂਆ, 2 ਏਟੀਐਮ ਕਾਰਡ, ਅਧਾਰ ਕਾਰਡ, ਵੇਟਰ ਕਾਰਨ, ਪੈਨ ਕਾਰਡ, ਬੈਂਕ ਖਾਤਿਆਂ ਦੀਆਂ ਕਾਪੀਆਂ, ਚੈੱਕ ਬੁੱਕਾਂ, ਬੈਂਕ ਦਾ ਸ਼ਨਾਖ਼ਤੀ ਕਾਰਡ ਅਤੇ ਹੋਰ ਜ਼ਰੂਰੀ ਕਾਗਜ਼ਾਤ ਖੋਹ ਕੇ ਫਰਾਰ ਹੋ ਗਏ ਸੀ। ਇਸ ਸਬੰਧੀ ਥਾਣਾ ਕੋਟਭਾਈ ਵਿਖੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਏਐਸਆਈ ਜਗਦੀਸ਼ ਸਿੰਘ ਥਾਣਾ ਕੋਟਭਾਈ ਨੇ ਦੱਸਿਆ ਕਿ ਇੰਸਪੈਕਟਰ ਪ੍ਰਤਾਪ ਸਿੰਘ ਇੰਚਾਰਜ ਸੀਆਈਏ ਸਟਾਫ਼ ਮੁਕਤਸਰ ਵੱਲੋਂ ਦਿੱਤੇ ਸਹਿਯੋਗ ਨਾਲ ਥਾਣਾ ਕੋਟਭਾਈ ਦੀ ਪੁਲਿਸ ਨੇ ਜਾਂਚ ਪੜਤਾਲ ਉਪਰੰਤ ਅਮਨਦੀਪ ਸਿੰਘ ਉਰਫ਼ ਅਮਨਾ ਤੇ ਉਂਕਾਰ ਸਿੰਘ ਉਰਫ਼ ਸ਼ੰਮੀ ਵਾਸੀਆਨ ਪਿੰਡ ਚੱਕ ਗਾਂਧਾ ਸਿੰਘ ਵਾਲਾ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਉਕਤ ਮੁਲਜ਼ਮਾਂ ਕੋਲੋਂ ਵਾਰਦਾਤ ਸਮੇਂ ਵਰਤਿਆ ਗਿਆ ਪਿਸਤੌਲ, 6 ਕਾਰਤੂਸ ਜਿੰਦਾ, ਚੋਰੀ ਦਾ ਮੋਟਰਸਾਈਕਲ, ਖੋਹੀ ਗਈ ਰਕਮ ਵਿਚੋਂ 47000 ਰੁਪਏ ਬਾਰਮਦ ਹੋਏ। ਕਾਬੂ ਕੀਤੇ ਵਿਅਕਤੀਆਂ ਤੋਂ ਪੁੱਛਗਿੱਛ ਦੌਰਾਨ ਉਨ੍ਹਾਂ ਮੰਨਿਆ ਕਿ ਪਿਛਲੇ ਸਮੇਂ ਦੌਰਾਨ ਬਰੀਵਾਲਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਏਰੀਆ ਵਿਚ ਆਪਣੇ ਸਾਥੀਆਂ ਪਿ੍ਰੰਸ ਅਤੇ ਜੀਤਾ ਸਿੰਘ ਹੋਰਾਂ ਨਾਲ ਰਲ ਕੇ ਪਿੰਡਾਂ ਵਿਚੋਂ ਕੰਪਨੀਆਂ ਦੀਆਂ ਕਿਸ਼ਤਾਂ ਇਕੱਠੀਆਂ ਕਰਕੇ ਲਿਜਾਣ ਵਾਲੇ ਕਰਮਚਾਰੀਆਂ ਤੋਂ ਪਾਸੋਂ ਪੈਸੇ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦਾ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਤੇ ਹੋਰ ਪੁੱਛਗਿੱਛ ਕੀਤੀ ਜਾਵੇਗੀ।