ਪੰਜਾਬੀ ਜਾਗਰਣ ਟੀਮ, ਲੰਬੀ/ਦੋਦਾ : ਪਿੰਡ ਚੰਨੂੰ ਨੇੜੇ ਐਤਵਾਰ ਨੂੰ ਬੇਕਾਬੂ ਹੋ ਕੇ ਇਕ ਕਾਰ ਸੜਕ ਕਿਨਾਰੇ ਦਰੱਖਤ ਨਾਲ ਟਕਰਾ ਗਈ। ਕਾਰ 'ਚ ਸਵਾਰ ਪਿੰਡ ਮੱਲਣ ਵਾਸੀ ਦੋ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸੇ ਦੌਰਾਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਘਟਨਾ ਦਾ ਪਤਾ ਲੋਕਾਂ ਨੂੰ ਸਵੇਰੇ ਲੱਗਾ। ਹਾਦਸਾਗ੍ਸਤ ਕਾਰ 'ਚੋਂ ਹਰਿਆਣਾ ਮਾਰਕਾ ਨਾਜਾਇਜ਼ ਸ਼ਰਾਬ ਵੀ ਬਰਾਮਦ ਹੋਈ ਹੈ।

ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਬੱਬੂ (22) ਪੁੱਤਰ ਸੁਖਮੰਦਰ ਸਿੰਘ ਅਤੇ ਬਲਵਿੰਦਰ ਸਿੰਘ (21) ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਮੱਲਣ, ਜੋ ਅਸਟੀਮ ਕਾਰ 'ਤੇ ਹਰਿਆਣਾ ਤੋਂ ਸ਼ਰਾਬ ਲੈ ਕੇ ਰਾਤ ਸਮੇਂ ਪਿੰਡ ਨੂੰ ਆ ਰਹੇ ਸੀ ਤਾਂ ਇਸਦੀ ਭਿਣਕ ਠੇਕੇਦਾਰਾਂ ਤੇ ਪੁਲਿਸ ਨੂੰ ਲੱਗਣ 'ਤੇ ਉਨ੍ਹਾਂ ਆਪਣੀ ਗੱਡੀ ਇਨ੍ਹਾਂ ਦੇ ਪਿੱਛੇ ਲਗਾ ਦਿੱਤੀ।

ਪੁਲਿਸ ਤੋਂ ਬਚਣ ਦੇ ਚੱਕਰ 'ਚ ਨੌਜਵਾਨਾਂ ਨੇ ਕਾਰ ਨੂੰ ਤੇਜ਼ ਗਤੀ ਨਾਲ ਭਜਾ ਲਿਆ। ਲਿੰਕ ਰੋਡ 'ਤੇ ਤੇਜ਼ ਰਫ਼ਤਾਰ ਗੱਡੀ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਕੁਲਦੀਪ ਸਿੰਘ ਉਰਫ਼ ਬੱਬੂ ਅਤੇ ਬਲਵਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦਾ ਲੋਕਾਂ ਨੂੰ ਸਵੇਰੇ ਪਤਾ ਲੱਗਾ। ਹਾਦਸੇ ਦਾ ਪਤਾ ਲਗਦਿਆਂ ਹੀ ਲੋਕ ਮੌਕੇ 'ਤੇ ਜਾ ਪਹੁੰਚੇ ਅਤੇ ਲਾਸ਼ਾਂ ਨੂੰ ਬਾਹਰ ਕੱਢਿਆ। ਇਸ ਦੌਰਾਨ ਪੁਲਿਸ ਵੀ ਮੌਕੇ 'ਤੇ ਜਾ ਪਹੁੰਚੀ। ਦੋਵਾਂ ਦੀ ਜੇਬ 'ਚੋਂ ਮਿਲੇ ਪਛਾਣ ਪੱਤਰਾਂ ਤੋਂ ਉਨ੍ਹਾਂ ਦੀ ਪਛਾਣ ਕਰ ਕੇ ਪੁਲਿਸ ਨੇ ਪਰਿਵਾਰ ਨੂੰ ਸੂਚਨਾ ਦਿੱਤੀ।

ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ। ਏਐੱਸਆਈ ਹਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਹਾਦਸੇ ਦੀ ਖ਼ਬਰ ਮਿਲੀ ਸੀ। ਨਾਜਾਇਜ਼ ਸ਼ਰਾਬ ਵੀ ਗੱਡੀ 'ਚ ਹੈ। ਗੱਡੀ ਦਰੱਖਤ ਨਾਲ ਟਕਰਾਉਣ ਕਾਰਨ ਹੀ ਹਾਦਸਾ ਹੋਇਆ ਪਰ ਫਿਰ ਵੀ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਪਤਾ ਨਹੀਂ ਇਨ੍ਹਾਂ ਪਿੱਛੇ ਕੋਈ ਗੱਡੀ ਲੱਗੀ ਸੀ ਜਾਂ ਨਹੀਂ। ਪਿੰਡ ਮੱਲ੍ਹਣ ਵਾਸੀ ਉਕਤ ਦੋ ਨੌਜਵਾਨਾਂ ਦੀ ਮੌਤ ਕਾਰਨ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ ਹੈ।