ਵਿਕਾਸ ਭਾਰਦਵਾਜ, ਮੰਡੀ ਬਰੀਵਾਲਾ : ਟੈਕਨੀਕਲ ਸਰਵਿਸ ਯੂਨੀਅਨ ਸਬ ਡਵੀਜ਼ਨ ਬਰੀਵਾਲਾ ਦੀ ਮੀਟਿੰਗ ਸਰਾਏਨਾਗਾ ਵਿਖੇ ਪ੍ਧਾਨ ਬੱਲਾ ਸਿੰਘ ਦੀ ਪ੍ਧਾਨਗੀ ਹੇਠ ਹੋਈ, ਜਿਸ ਵਿੱਚ ਡਵੀਜ਼ਨ ਪ੍ਧਾਨ ਅਮਰਜੀਤ ਪਾਲ ਸ਼ਰਮਾ, ਪਰਮਿੰਦਰ ਸਿੰਘ, ਫਕੀਰ ਸਿੰਘ, ਗੁਰਮੇਲ ਸਿੰਘ ਆਦਿ ਨੇ ਭਾਗ ਲਿਆ। ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕੈਪਟਨ ਦੀ ਸਰਕਾਰ ਜੋ ਸਹੁੰ ਖਾ ਕੇ ਲੋਕਾਂ ਦੇ ਮਸਲੇ ਹੱਲ ਕਰਨ ਦਾ ਲਾਰਾ ਲਗਾ ਕੇ ਸੱਤਾ 'ਚ ਆਈ ਸੀ, ਹੁਣ ਸਾਮਰਾਜੀ ਆਰਥਿਕ, ਸਨਅਤੀ ਅਤੇ ਨਿੱਜੀਕਰਨ ਦੀਆਂ ਨੀਤੀਆਂ ਅੱਗੇ ਗੋਡੇ ਟੇਕਦੀ ਨਜ਼ਰ ਆ ਰਹੀ ਹੈ ਅਤੇ ਇਨ੍ਹਾਂ ਨੂੰ ਧੜੱਲੇ ਨਾਲ ਲਾਗੂ ਕਰਕੇ ਲੋਕਾਂ ਨੂੰ ਬੇਰੁਜ਼ਗਾਰੀ ਵੱਲ ਧੱਕ ਰਹੀ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਖ਼ਜ਼ਾਨਾ ਮੰਤਰੀ ਖ਼ਜਾਨਾ ਖਾਲੀ ਹੋਣ ਦਾ ਬਹਾਨਾ ਲਗਾ ਕੇ ਲੋਕਾਂ ਨੂੰ ਬੱੁਧੂ ਬਣਾ ਰਹੇ ਹਨ ਅਤੇ ਦੂਜੇ ਪਾਸੇ ਆਪਣੀਆਂ ਤਨਖਾਹਾਂ-ਭੱਤਿਆਂ ਵਿੱਚ ਅਥਾਹ ਵਾਧਾ ਕਰ ਰਹੀ ਹੈ। ਪਟਿਆਲਾ ਵਿਖੇ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਅਧਿਆਪਕਾਂ 'ਤੇ ਲਾਠੀਚਾਰਜ ਤੇ ਪਾਣੀ ਦੀਆਂ ਵਾਂਛੜਾ ਦੀ ਟੀਐੱਸਯੂ ਨੇ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਸਰਕਾਰ ਮੁਲਾਜ਼ਮਾਂ ਦੇ ਹੱਥਾਂ 'ਚੋਂ ਰੋਟੀ ਖੋਹਣ 'ਤੇ ਤੁਲੀ ਹੋਈ ਹੈ ਜਿਸ ਕਰਕੇ ਅਜਿਹੇ ਹੱਥ ਕੰਢੇ ਅਪਣਾਏ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਅਧਿਆਪਕਾਂ ਨਾਲ ਕੀਤੇ ਵਾਅਦੇ ਅਨੁਸਾਰ ਉਨ੍ਹਾਂ ਨੂੰ ਪੂਰੀ ਤਨਖਾਹ ਤੇ ਪੱਕਾ ਕੀਤਾ ਜਾਵੇ ਅਤੇ ਲਾਠੀਚਾਰਜ ਕਰਨ ਵਾਲਿਆਂ 'ਤੇ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਕਿਹਾ ਜੇਕਰ ਅਧਿਆਪਕਾਂ ਦਾ ਮਸਲਾ ਹੱਲ ਨਾ ਕੀਤਾ ਗਿਆ ਤਾਂ ਉਨ੍ਹਾਂ ਦੇ ਹੱਕੀ ਸੰਘਰਸ਼ ਦੀ ਪੁਰਜ਼ੋਰ ਹਮਾਇਤ ਪਹਿਲਾਂ ਵਾਂਗ ਜਾਰੀ ਰੱਖੀ ਜਾਵੇਗੀ। ਆਗੂਆਂ ਨੇ ਮੰਗ ਕੀਤੀ ਹੈ ਕਿ ਸਾਰੇ ਮਹਿਕਮਿਆਂ 'ਚ ਕੰਮ ਕਰਦੇ ਠੇਕਾ ਕਾਮਿਆਂ, ਕੰਟਰੈਕਟ ਕਾਮਿਆਂ, ਡੇਲੀਵੇਜ਼ ਕਾਮਿਆਂ ਅਤੇ ਪਾਰਟ ਟਾਇਮ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਬਿਜਲੀ ਬੋਰਡ ਅਧੀਨ ਪਟਿਆਲਾ 'ਚ ਡਿਸਮਿਸ ਕੀਤੇ ਆਗੂ ਬਹਾਲ ਕੀਤੇ ਜਾਣ, ਪੈਨਸ਼ਨਰਾਂ ਦੀ 33 ਪ੍ਤੀਸ਼ਤ ਕਟੌਤੀ ਬੰਦ ਕੀਤੀ ਜਾਵੇ, ਹੁਣ ਤੱਕ ਬਣਦਾ ਡੀਏ ਸਮੇਤ ਏਰੀਅਰ ਰਿਲੀਜ਼ ਕੀਤਾ ਜਾਵੇ, ਸਾਰੇ ਮਹਿਕਮਿਆਂ 'ਚ ਪੱਕੀ ਭਰਤੀ ਕੀਤੀ ਜਾਵੇ। ਆਗੂਆਂ ਨੇ ਸਾਰੇ ਮਹਿਕਮਿਆਂ ਵਿੱਚ ਕੰਮ ਕਰਦੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਨਿੱਜੀ ਸਵਾਰਥਾਂ ਨੂੰ ਛੱਡ ਕੇ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਨਿੱਜੀਕਰਨ ਦੀਆਂ ਨੀਤੀਆਂ ਵਿਰੁੱਧ ਸੰਘਰਸ਼ ਲਾਮਬੰਦ ਕੀਤਾ ਜਾਵੇ ਤਾਂ ਕਿ ਇਨ੍ਹਾਂ ਨੂੰ ਠੱਲ ਪਾਈ ਜਾ ਸਕੇ। ਆਗੂਆਂ ਨੇ ਮੰਗ ਕੀਤੀ ਕਿ ਪਾਵਰਕਾਮ ਦੀ ਮੈਨੇਜਮੈਂਟ ਵੀ ਟੀਐੱਸਯੂ ਦੇ ਮੰਗ ਪੱਤਰ ਤੇ ਮੀਟਿੰਗ ਦੇ ਕੇ ਮਸਲੇ ਹੱਲ ਕਰੇ ਨਹੀਂ ਤਾਂ ਸਟੇਟ ਕਮੇਟੀ ਵੱਲੋਂ ਦਿੱਤੇ ਸੰਘਰਸ਼ ਪ੍ੋਗਰਾਮਾਂ ਨੂੰ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ ਅਤੇ 15 ਫ਼ਰਵਰੀ ਦੇ ਸਰਕਲ ਸ੍ਰੀ ਮੁਕਤਸਰ ਸਾਹਿਬ ਦੇ ਧਰਨੇ 'ਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ।