ਜਤਿੰਦਰ ਭੰਵਰਾ/ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ : ਦਿੱਲੀ ਦੇ ਟਰੈਕਟਰ ਮਾਰਚ ਨੂੰ ਹੁਲਾਰਾ ਦੇਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ 'ਚ ਦਰਜਨਾਂ ਪਿੰਡਾਂ ਰੋਹ ਭਰਪੂਰ ਟਰੈਕਟਰ ਮਾਰਚ ਕੀਤਾ ਗਿਆ। ਸੈਂਕੜੇ ਟਰੈਕਟਰਾਂ ਦੇ ਲੰਬੇ ਕਾਫਲੇ ਵਿੱਚ ਨੌਜਵਾਨ ਵੱਡੀ ਗਿਣਤੀ 'ਚ ਸ਼ਾਮਲ ਸਨ। ਪਿੰਡ-ਪਿੰਡ ਲੋਕਾਂ ਨੇ ਕਾਫਲੇ ਦਾ ਨਿੱਘਾ ਸਵਾਗਤ ਕੀਤਾ। ਨੇੜਲੇ ਪਿੰਡ ਚੱਕ ਤਾਮਕੋਟ 'ਚ ਕਾਫਲੇ ਵਿੱਚ ਜੁੜੇ ਕਿਸਾਨਾਂ ਤੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ, ਮਜਦੂਰ ਆਗੂਆਂ ਗੁਰਾਂਦਿੱਤਾ ਸਿੰਘ ਭਾਗਸਰ, ਹਰਫੂਲ ਸਿੰਘ, ਕਾਕਾ ਸਿੰਘ ਖੁੰਡੇ ਹਲਾਲ ਤੇ ਹਰਚਰਨ ਸਿੰਘ ਲੱਖੇਵਾਲੀ ਨੇ ਆਖਿਆ ਕਿ ਜਮੀਨਾਂ ਦੀ ਰਾਖੀ ਲਈ ਉਹ ਜਾਨ ਹੂਲਵਾਂ ਸੰਘਰਸ਼ ਕਰਨਗੇ। ਆਗੂਆਂ ਨੇ ਸਪੱਸਟ ਕੀਤਾ ਕਿ ਚੰਗੇ ਦਿਨ ਲਿਆਉਣ ਦੇ ਲਾਰੇ ਲਾਉਣ ਵਾਲਾ ਪ੍ਰਧਾਨ ਮੰਤਰੀ ਦੇਸ ਦੀ ਸੰਪਤੀ ਆਪਣੇ ਭਾਈਵਾਲ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦੇ ਰਾਹ ਤੁਰ ਪਿਆ ਹੈ। ਨੌਜਵਾਨਾਂ ਤੋਂ ਰੁਜਗਾਰ ਤੇ ਕਿਰਤੀਆਂ ਤੋਂ ਕੰਮ ਖੋਹ ਕੇ ਹੁਣ ਕਾਲੇ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਤੋਂ ਜਮੀਨਾਂ ਖੋਹਣ ਦੇ ਮਨਸੂਬੇ ਪੂਰੇ ਨਹੀਂ ਹੋਣ ਦਿੱਤੇ ਜਾਣਗੇ। ਆਗੂਆਂ ਨੇ ਆਖਿਆ ਕਿ ਕੇਂਦਰ ਦੀ ਮੋਦੀ ਤੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਲਾਗੂ ਨਹੀਂ ਹੋਣ ਦਿੱਤੀਆਂ ਜਾਣਗੀਆਂ। ਆਗੂਆਂ ਨੇ ਐਲਾਨ ਕੀਤਾ ਕਾਲੇ ਕਾਨੂੰਨ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਪਿੰਡ ਖੁੰਡੇ ਹਲਾਲ, ਤਾਮਕੋਟ ਆਦਿ ਪਿੰਡਾਂ ਵਿੱਚ ਸੰਘਰਸ਼ੀ ਸਭਾਵਾਂ ਕੀਤੀਆਂ ਗਈਆਂ। ਕਾਫਲੇ ਵਿੱਚ ਹੋਰਨਾਂ ਤੋਂ ਇਲਾਵਾ ਜਗਸੀਰ ਸਿੰਘ, ਤਰਕਸੀਲ ਤੇ ਅਧਿਆਪਕ ਆਗੂ ਰਾਮ ਸਵਰਨ ਲੱਖੇਵਾਲੀ, ਅੰਮਿ੍ਤ ਪਾਲ ਸਿੰਘ ਭਾਗਸਰ, ਬਲਜੀਤ ਸਿੰਘ ਚਿੱਬੜਾਂ ਵਾਲੀ, ਸੁਖਮੰਦਰ ਸਿੰਘ, ਰਣਜੀਤ ਸਿੰਘ ਤੇ ਹੋਰ ਅਨੇਕਾਂ ਮਜ਼ਦੂਰ, ਕਿਸਾਨ ਆਗੂ ਸ਼ਾਮਲ ਸਨ।