ਜੇਐੱਨਐੱਨ/ਪੱਤਰ ਪ੍ਰੇਰਕ, ਸ੍ਰੀ ਮੁਕਤਸਰ ਸਾਹਿਬ : ਮਲੋਟ ਦੀ ਸਾਬਕਾ ਮਹਿਲਾ ਕਾਂਗਰਸ ਕੌਂਸਲ ਕੁਲਦੀਪ ਕੌਰ ਦੇ ਪੁੱਤਰ ਮਨਪ੍ਰੀਤ ਮੰਨਾ ਨੂੰ ਕੁਝ ਲੋਕਾਂ ਨੇ ਗੋਲ਼ੀਆਂ ਨਾਲ ਭੁੰਨ ਦਿੱਤਾ। ਮਨਪ੍ਰੀਤ ਉਸ ਵੇਲੇ ਮੰਨਾ ਜਿਮ ਤੋਂ ਬਾਹਰ ਨਿਕਲ ਰਿਹਾ ਸੀ ਜਦੋਂ ਉਸ 'ਤੇ ਗੋਲ਼ੀਆਂ ਚਲਾਈਆਂ ਗਈਆਂ। ਨਾਰੈਂਸ ਬਿਸ਼ਨੋਈ ਨੇ ਇਸ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ।

ਮਨਪ੍ਰੀਤ ਸਿੰਘ ਉਰਫ਼ ਮੰਨਾ (36) ਵਾਸੀ ਮਲੋਟ ਸੋਮਵਾਰ ਸ਼ਾਮ ਨੂੰ ਆਪਣੇ ਸਾਥੀ ਜੈਕੀ ਕਾਲੜਾ ਸਮੇਤ ਬਠਿੰਡਾ ਰੋਡ 'ਤੇ ਨਵੀਂ ਲਈ ਜੈਗੁਆਰ ਕਾਰ 'ਚ ਜਿਮ ਗਿਆ ਸੀ। ਸਕਾਈ ਮਾਲ ਨੇੜੇ ਉਹ ਕਰੀਬ ਸਾਢੇ ਸੱਤ ਵਜੇ ਜਿਮ ਤੋਂ ਬਾਹਰ ਨਿਕਲਿਆ। ਜਿਉਂ ਹੀ ਉਹ ਗੱਡੀ 'ਚ ਬੈਠਣ ਲੱਗਾ ਤਾਂ ਇਕਦਮ ਫਾਇਰਿੰਗ ਸ਼ੁਰੂ ਹੋ ਗਈ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਕਰੀਬ 25 ਰਾਊਂਡ ਫਾਇਰ ਹੋਏ ਜਿਨ੍ਹਾਂ ਵਿਚੋਂ ਸੱਤ ਮਨਪ੍ਰੀਤ ਮੰਨਾ ਦੇ ਲੱਗੀਆਂ। ਗੋਲ਼ੀਆਂ ਉਸ ਦੇ ਸਿਰ ਤੇ ਛਾਤੀ 'ਤੇ ਲੱਗੀਆਂ ਹਨ।

ਫਾਇਰਿੰਗ ਤੋਂ ਬਾਅਦ ਉੱਥੇ ਭਾਜੜ ਮਚ ਗਈ ਤੇ ਲੋਕ ਏਧਰੋ-ਓਧਰ ਭੱਜਣ ਲੱਗੇ। ਘਟਨਾ ਤੋਂ ਬਾਅਦ ਹਮਲਾਵਰ ਮਹਿਰੂਮ ਰੰਗ ਦੀ ਬ੍ਰੀਜ਼ਾ ਗੱਡੀ 'ਚ ਫਰਾਰ ਹੋ ਗਏ। ਲੋਕਾਂ ਨੇ ਤੁਰੰਤ ਮੰਨਾ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਇਕ ਛੋਟੀ ਜਿਹੀ ਬੱਚੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਇੰਚਾਰਜ ਅਮਨਦੀਪ ਸਿੰਘ, ਡੀਐੱਸਪੀ ਤੇ ਹੋਰ ਪੁਲਿਸ ਅਧਿਕਾਰੀ ਮੌਕੇ 'ਤੇ ਜਾ ਪਹੁੰਚੇ। ਪੁਲਿਸ ਨੂੰ ਮੌਕੇ 'ਤੇ 25 ਦੇ ਕਰੀਬ ਖੋਲ ਮਿਲੇ।

ਮਨਪ੍ਰੀਤ 'ਤੇ ਸਨ ਕਈ ਅਪਰਾਧਿਕ ਮਾਮਲੇ ਦਰਜ

ਮਨਪ੍ਰੀਤ ਮੰਨਾ 'ਤੇ ਕਈ ਅਪਰਾਧਿਕ ਮਾਮਲੇ ਦਰਜ ਸਨ। ਬੀਤੇ ਸਮੇਂ ਉਸ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲੇ ਦ ਕਰੀਬੀ ਦਿਆਲ ਸਿੰਘ ਕੋਲਿਆਂਵਾਲੀ ਦੇ ਪੁੱਤਰ ਪਰਮਿੰਦਰ ਸਿੰਘ 'ਤੇ ਜਾਨਲੇਵਾ ਹਮਲਾ ਕਰਨ ਦਾ ਵੀ ਦੋਸ਼ ਸੀ। ਇਸ ਤੋਂ ਇਲਾਵਾ ਹੋਰ ਵੀ ਕੁੱਟਮਾਰ ਦੀਆਂ ਘਟਨਾਵਾਂ 'ਚ ਉਸ 'ਤੇ ਕਈ ਮਾਮਲੇ ਦਰਜ ਹਨ। ਉਹ ਮਲੋਟ 'ਚ ਫਾਇਨਾਂਸਰ ਦਾ ਕੰਮ ਕਰਦਾ ਸੀ ਤੇ ਹੁਣ ਉਸ ਦਾ ਸ਼ਰਾਬ ਦੇ ਠੇਕਿਆਂ 'ਚ ਵੀ ਹਿੱਸਾ ਸੀ।