ਪੱਤਰ ਪ੍ਰੇਰਕ, ਲੰਬੀ : ਪਿੰਡ ਸਿੱਖਵਾਲਾ ਵਾਸੀ ਨੌਜਵਾਨ ਨੂੰ ਕਤਲ ਕਰਨ ਪਿੱਛੋਂ ਉਸ ਦੀ ਲਾਸ਼ ਨਹਿਰ 'ਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਲੰਬੀ ਦੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਸਤਵਿੰਦਰ ਸਿੰਘ ਅਕਸਰ ਘਰ ਆਉਂਦਾ ਸੀ ਤੇ ਉਨ੍ਹਾਂ ਦੀ ਨੂੰਹ 'ਤੇ ਮਾੜੀ ਨਿਗ੍ਹਾ ਰੱਖਦਾ ਸੀ। ਬਿਆਨਕਰਤਾ ਮੁਤਾਬਕ ਉਨ੍ਹਾਂ ਦੇ ਪੁੱਤਰ ਨੇ ਇਸ ਬਾਰੇ ਉਲਾਂਭਾ ਦੇ ਦਿੱਤਾ ਸੀ। ਇਸ ਤੋਂ ਬਾਅਦ ਪਤਵੰਤਿਆਂ ਨੇ ਸਮਝੌਤਾ ਕਰਵਾ ਦਿੱਤਾ ਗਿਆ ਸੀ ਪਰ ਉਕਤ ਸਤਵਿੰਦਰ ਮਨੋਂ ਖਾਰ ਰੱਖਦਾ ਸੀ। ਲੰਘੀ 25 ਸਤੰਬਰ ਨੂੰ ਉਸ ਦਾ ਪੁੱਤਰ ਸੰਦੀਪ ਘਰ ਵਿਚ ਮੌਜੂਦ ਸੀ ਤੇ ਉਹ ਫੋਨ 'ਤੇ ਗੱਲ ਕਰਦਾ ਘਰੋਂ ਬਾਹਰ ਚਲਾ ਗਿਆ ਤੇ ਉਸ ਪਿੱਛੋਂ ਉਹ ਨਹੀਂ ਪਰਤਿਆ।

ਬਿਆਨਕਰਤਾ ਮੁਤਾਬਕ ਬਾਅਦ ਵਿਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੇ ਪੁੱਤਰ ਨੂੰ ਸਤਵਿੰਦਰ ਸਿੰਘ ਨੇ ਮਿਤੀ 25 ਸਤੰਬਰ ਨੂੰ ਆਪਣੀ ਕਾਰ ਵਿਚ ਬਿਠਾ ਕੇ ਉਸ ਦੇ ਸੱਟਾਂ ਮਾਰ ਕੇ ਕਤਲ ਕਰ ਕੇ ਲਾਸ਼ ਖੁਰਦ ਬੁਰਦ ਕਰ ਕੇ ਰਾਜਸਥਾਨ ਫੀਡਰ ਵਿਚ ਸੁੱਟ ਦਿੱਤੀ ਹੈ। ਥਾਣਾ ਲੰਬੀ ਪੁਲਿਸ ਨੇ ਇਸ ਸਬੰਧੀ ਸਤਵਿੰਦਰ ਸਿੰਘ ਪੁੱਤਰ ਜਨਕ ਵਾਸੀ ਸਿੱਖਵਾਲਾ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਦੀ ਗਿ੍ਫ਼ਤਾਰੀ ਹੋਣੀ ਬਾਕੀ ਹੈ।