ਅਮਨਦੀਪ ਮਹਿਰਾ, ਮਲੋਟ : ਪੰਜਾਬ ਪੁਲਿਸ ਦੇ ਬਰਾਬਰ ਅੱਤਵਾਦ ਨਾਲ ਲੜਾਈ ਲੜਨ ਵਾਲੇ ਹੋਮਗਾਰਡ ਜਵਾਨਾਂ ਨੂੰ ਰਿਟਾਇਰ ਹੋਣ ਤੋਂ ਬਾਅਦ ਕੋਈ ਪੈਨਸ਼ਨ ਜਾਂ ਬਕਾਇਆ ਨਹੀਂ ਦਿੱਤਾ ਜਾਂਦਾ ਜਿਸ ਕਰਕੇ ਇਨਾਂ੍ਹ ਦਾ ਅੰਤਿਮ ਸਮਾਂ ਖਰਾਬ ਹੋ ਰਿਹਾ ਹੈ। ਜੰਡਵਾਲਾ ਚੜਤ ਸਿੰਘ ਦੇ ਰਹਿਣ ਵਾਲੇ ਹੋਮਗਾਰਡ ਜਵਾਨ ਬਲਕਾਰ ਸਿੰਘ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਚਿੱਠੀ 'ਚ ਕਿਹਾ ਹੈ ਉਹ ਪੰਜਾਬ ਹੋਮਗਾਰਡ ਵਿਚ 33 ਸਾਲ ਦੀ ਨੌਕਰੀ ਕਰਕੇ 29 ਜੁਲਾਈ 2021 ਨੂੰ ਸੇਵਾਮੁਕਤ ਹੋਣ ਜਾ ਰਿਹਾ ਹੈ। 1988 ਵਿਚ ਭਰਤੀ ਮੌਕੇ ਉਸਦੀ ਤਨਖ਼ਾਹ 1000 ਤੋਂ ਲੈ ਕੇ 1200 ਰੁਪਏ ਮਹੀਨਾ ਸੀ। 10 ਸਾਲ ਅੱਤਵਾਦ ਨਾਲ ਚਲੀ ਲੜਾਈ ਵਿਚ ਉਹਨਾਂ 24-24 ਘੰਟੇ ਲਗਤਾਰ ਡਿਊਟੀ ਕਰਨੀ ਪਈ। ਉਸਦੇ ਪਿੰਡ ਦੇ ਹੀ ਇਕ ਹੋਮਗਾਰਡ ਜਵਾਨ ਨੂੰ ਅੱਤਵਾਦੀਆਂ ਨੇ ਪਿੰਡੋਂ ਬਾਹਰ ਲਿਜਾ ਕਿ ਗੋਲੀ ਵੀ ਮਾਰ ਦਿੱਤੀ ਸੀ, ਜਿਸ ਕਰਕੇ ਉਨਾਂ੍ਹ ਨੂੰ ਆਪਣੇ ਘਰਾਂ ਤੋਂ ਵੀ ਬਾਹਰ ਰਹਿਣਾ ਪਿਆ। ਨੌਕਰੀ ਦੌਰਾਨ ਉਹਨਾਂ ਗਰਮੀ ਅਤੇ ਠੰਡ ਵਿਚ ਡਿਊਟੀ ਕੀਤੀ ਜਿਸ ਕਰਕੇ ਉਹ ਪਿਛਲੇ ਕਈ ਸਾਲਾਂ ਤੋਂ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਗਿਆ। ਉਸ ਕੋਲ ਆਪਣੀ ਜਮੀਨ ਨਾ ਹੋਣ ਕਰਕੇ ਉਸਦੀ ਤਨਖ਼ਾਹ ਦਾ ਵੱਡਾ ਹਿੱਸਾ ਉਸਦੇ ਇਲਾਜ ਲਈ ਲੱਗਦਾ ਰਿਹਾ ਅਤੇ ਉਸ ਸਿਰ ਕਰਜ਼ਾ ਵੀ ਚੜ ਗਿਆ। ਉਸਦੀ ਸੇਵਾ ਮੁਕਤੀ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਪੈਨਸ਼ਨ ਜਾਂ ਬਕਾਇਆ ਨਹੀਂ ਦਿੱਤਾ ਜਾਣਾ, ਜਿਸ ਤੋਂ ਬਾਅਦ ਪਰਿਵਾਰ ਦਾ ਗੁਜਾਰਾ ਅਤੇ ਇਲਾਜ ਵੀ ਮੁਸ਼ਕਲ ਹੋ ਜਾਵੇਗਾ। ਬਲਕਾਰ ਸਿੰਘ ਨੇ ਮੰਗ ਕੀਤੀ ਕਿ ਸਰਕਾਰ ਉਸਦੇ ਪੜੇ ਲਿਖੇ ਲੜਕੇ ਨੂੰ ਨੌਕਰੀ ਹੀ ਦੇ ਦੇਵੇ ਜਿਹੜਾ ਪੁਲਿਸ ਵਿਚ ਕਾਂਸਟੇਬਲ ਭਰਤੀ ਹੋਣ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ।