ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਆਪਣੇ ਆਪ ਡਰਮਾ ਕਰਕੇ ਅਗਵਾਕਾਰ ਬਣੇ ਇਕ ਵਿਅਕਤੀ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕੱਦਮਾ ਨੰਬਰ 107 ਮਿਤੀ 16.06.2022 ਅ/ਧ 364,365,506 ਹਿੰ:ਦੰ ਦਰਜ ਰਜਿਸਟਰ ਕੀਤਾ ਗਿਆ ਸੀ ਕਿ ਰਾਮ ਸਿੰਘ ਵਾਸੀ ਕੁੱਕਰੀਆਂ ਨਾਂ ਦੇ ਵਿਅਕਤੀ ਨੇ ਬਿਆਨ ਦਰਜ ਕਰਾਇਆ ਸੀ ਕਿ ਉਸਦਾ ਲੜਕਾ ਗਗਨਦੀਪ ਉਰਫ ਗੱਗੀ ਉਮਰ 23 ਸਾਲ ਜੋ ਪਰਮਿੰਦਰ ਕੌਰ ਪੁੱਤਰੀ ਗੁਰਦੀਪ ਸਿੰਘ ਵਾਸੀ ਬਹਾਵਲ ਵਾਲ, ਨੇੜੇ ਅਬੋਹਰ ਨਾਲ ਸ਼ਾਦੀ ਸ਼ੁਦਾ ਹੈ। 25 ਫਰਵਰੀ ਨੂੰ ਉਸਦੀ ਨੂੰਹ ਨੂੰ ਉਸਦੇ ਲੜਕੇ ਵੱਲੋਂ ਪਿੰਡ ਸ਼ਿਵਪੁਰ ਕੁਕਰੀਆਂ ਬਾਅਦ ਲਿਆਂਦਾ ਗਿਆ ਸੀ। 14 ਜੂਨ ਨੂੰ 11:30 ਵਜੇ ਗਗਨਦੀਪ ਸਿੰਘ ਆਪਣੇ ਘਰ ਤੋਂ ਅਚਾਨਕ ਗਾਇਬ ਹੋ ਗਿਆ ਸੀ। ਉਸੇ ਦਿਨ ਸ਼ਾਮ ਨੂੰ 8 ਤੋਂ 9 ਵਜੇ ਉਸਦੇ ਭਾਣਜੇ ਮਨਦੀਪ ਸਿੰਘ ਵਾਸੀ ਪਿੰਡ ਗੰਗਾ ਨੂੰ ਕਿਸੇ ਅਣਪਛਾਤੇ ਵੱਲੋਂ ਵੱਟਸਐਪ ਮੈਸੇਜ ਰਾਹੀਂ ਗੁੰਮ ਹੋਣ ਵਾਲੇ ਗਗਨਦੀਪ ਸਿੰਘ ਦੇ ਮੋਬਾਈਲ ਤੋਂ ਆਡਿਉ ਕਲਿੱਪ ਰਾਹੀ ਜਾਣਕਾਰੀ ਦਿੱਤੀ ਗਈ ਕਿ ਗਗਨਦੀਪ ਸਿੰਘ ਨੂੰ ਉਨਾਂ੍ਹ ਵੱਲੋਂ ਅਗਵਾ ਕਰ ਲ਼ਿਆ ਗਿਆ ਹੈ । ਕਿਸੇ ਅਣਪਛਾਤੀ ਆਵਾਜ਼ 'ਚ ਪਰਮਿੰਦਰ ਕੌਰ ਤੋਂ ਗਗਨਦੀਪ ਸਿੰਘ ਨੂੰ ਤਲਾਕ ਦੇ ਕਾਗਜ਼ ਲਿਖ ਕੇ ਭੇਜਣ ਦੀ ਮੰਗ ਕੀਤੀ ਗਈ ਸੀ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਗਗਨਦੀਪ ਸਿੰਘ ਨੂੰ ਕਤਲ ਕਰਨ ਦੀ ਧਮਕੀ ਦਿੱਤੀ ਗਈ ਸੀ। ਇਸਦੇ ਨਾਲ ਹੀ ਉਸੇ ਫੋਨ 'ਤੇ ਗਗਨਦੀਪ ਸਿੰਘ ਦੇ ਹੱਥ ਪੈਰ ਬੰਨ ਕੇ ਅਤੇ ਮੂੰਹ ਵਿੱਚ ਕੱਪੜਾ ਪਾ ਕੇ ਬੇਹੋਸ਼ੀ ਦੀ ਹਾਲਤ ਵਿੱਚ ਸੁੱਟੇ ਹੋਏ ਅਤੇ ਨਾਲ ਹੀ ਇੱਕ ਵਿਅਕਤੀ ਵੱਲੋ ਹੱਥ ਵਿੱਚ ਇੱਕ ਦੇਸੀ ਕੱਟਾ ਪਿਸਤੌਲ ਫੜੇ ਹੋਏ ਦੀਆਂ ਫੋਟੋਆਂ ਵੀ ਭੇਜੀਆਂ ਗਈਆਂ ਸਨ। ਮਾਮਲਾ ਜ਼ਿਲ੍ਹਾ ਪੁਲਿਸ ਮੁਖੀ ਧਰੁਮਨ ਐੱਚ ਨਿੰਬਾਲੇ ਦੇ ਧਿਆਨ 'ਚ ਆਉਂਣ ਤੋਂ ਬਾਅਦ ਉਨਾਂ੍ਹ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਅਮਰਜੀਤ ਸਿੰਘ (ਉਪ-ਕਪਤਾਨ) ਸ੍ਰੀ ਮੁਕਤਸਰ ਸਾਹਿਬ ਵੱਲੋਂ ਤਿਆਰ ਕੀਤੀ ਗਈ ਰਣਨੀਤੀ ਅਨੁਸਾਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੇ ਮੁਖੀ ਜਗਸੀਰ ਸਿੰਘ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਪੁਲਿਸ ਤਫਤੀਸ਼ ਆਰੰਭ ਕੀਤੀ ਗਈ। ਪੁਲਿਸ ਨੇ ਸਾਈਬਰ ਸੈੱਲ ਦੀ ਮਦਦ ਨਾਲ ਇਸ ਸਿੱਟੇ 'ਤੇ ਪੁੱਜੀ ਕਿ ਗਗਨਦੀਪ ਸਿੰਘ ਨੂੰ ਕਿਸੇ ਨੇ ਅਗਵਾ ਨਹੀਂ ਕੀਤਾ ਬਲਕਿ ਉਹ ਖ਼ੁਦ ਹੀ ਅਗਵਾ ਹੋਣ ਦਾ ਡਰਾਮਾ ਕਰ ਰਿਹਾ ਹੈ। ਪੁਲਿਸ ਨੇ ਇਹ ਵੀ ਪਤਾ ਲਗਾ ਲਿਆ ਕਿ ਗਗਨਦੀਪ ਸਿੰਘ ਅੰਮਿ੍ਤਸਰ ਦੇ ਕਿਸੇ ਹੋਟਲ 'ਚ ਲੁਕਿਆ ਹੋਇਆ ਹੈ। ਇੱਕ ਪੁਲਿਸ ਟੀਮ ਜਿਸਦੀ ਅਗਵਾਈ ਸਹਾਇਕ ਥਾਣੇਦਾਰ ਬਲਵੰਤ ਸਿੰਘ ਵੱਲੋਂ ਕੀਤੀ ਜਾ ਰਹੀ ਸੀ, ਵੱਲੋਂ ਗਗਨਦੀਪ ਸਿੰਘ ਨੂੰ ਕਾਬੂ ਕਰਕੇ ਦੇਸੀ ਕੱਟੇ ਸਮੇਤ ਦੋ ਕਾਰਤੂਸਾਂ ਨੂੰ ਵੀ ਬਰਾਮਦ ਕਰ ਲਏ। ਪੁਲਿਸ ਨੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸੇ ਗਗਨਦੀਪ ਸਿੰਘ ਵੱਲੋ ਆਪਣੀ ਵਿਚੋਲਣ ਅਤੇ ਰਿਸ਼ਤੇਦਾਰਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਵੀ ਤਲਾਕ ਲੈਣ ਲਈ ਧਮਕੀ ਭਰੇ ਮੈਸਜ਼ ਭੇਜੇ ਜਾਦੇ ਰਹੇ ਸਨ ਜਿੰਨਾਂ ਬਾਰੇ ਵੱਖਰੇ ਤੌਰ ਪਰ ਤਫਤੀਸ਼ ਜਾਰੀ ਹੈ।