ਜਤਿੰਦਰ ਭੰਵਰਾ/ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ : ਪਿੰਡ ਗੋਨਿਆਣਾ ਵਿਖੇ ਇਕ ਵਿਅਕਤੀ ਦੀ ਲਾਸ਼ ਖੇਤਾਂ 'ਚ ਇਕ ਦਰੱਖ਼ਤ 'ਤੇ ਲਟਕੀ ਹੋਈ ਮਿਲੀ, ਜਿਸ ਦੀ ਪਛਾਣ ਲਛਮਣ ਸਿੰਘ (55) ਪੁੱਤਰ ਮੰਗਲ ਸਿੰਘ ਮੈਂਬਰ ਵਾਸੀ ਗੋਨਿਆਣਾ ਵਜੋਂ ਹੋਈ ਹੈ। ਮਿ੍ਤਕ ਦੇ ਭਤੀਜੇ ਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਦੇ ਚਾਚਾ ਲਛਮਣ ਸਿੰਘ 2007 ਤੋਂ 2012 ਤਕ ਪੰਚਾਇਤ ਮੈਂਬਰ ਦੀ ਸੇਵਾ ਨਿਭਾਅ ਚੁੱਕੇ ਹਨ। ਉਹ ਹਰ ਰੋਜ਼ ਤੜਕਸਾਰ ਸਵੇਰੇ ਸੈਰ ਲਈ ਜਾਂਦੇ ਸਨ ਤੇ ਵੀਰਵਾਰ ਵੀ ਸਵੇਰੇ ਕਰੀਬ 4:45 'ਤੇ ਉਹ ਸੈਰ ਕਰਨ ਲਈ ਗਏ ਪਰ ਵਾਪਿਸ ਨਹੀਂ ਆਏ। ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਬਾਈਪਾਸ ਕੋਲ ਖੇਤਾਂ 'ਚ ਦਰੱਖ਼ਤ 'ਤੇ ਲਟਕਦੀ ਉਨ੍ਹਾਂ ਦੀ ਲਾਸ਼ ਦੇਖੀ ਤਾਂ ਪਰਿਵਾਰਕ ਮੈਂਬਰਾਂ ਤੇ ਪੁਲਿਸ ਨੂੰ ਸੂਚਿਤ ਕੀਤਾ। ਮਿ੍ਤਕ ਦੇ ਭਤੀਜੇ ਦਰਸ਼ਨ ਸਿੰਘ ਨੇ ਸ਼ੱਕ ਜਾਹਿਰ ਕੀਤਾ ਕਿ ਉਸਦੀ ਹੱਤਿਆ ਕੀਤੀ ਗਈ ਹੈ ਕਿਉਂਕਿ ਚਾਚਾ ਦੇ ਕੋਲ 10 ਏਕੜ ਆਪਣੀ ਜ਼ਮੀਨ ਹੈ ਤੇ 70 ਏਕੜ ਉਹ ਠੇਕੇ 'ਤੇ ਲੈ ਕੇ ਖੇਤੀ ਕਰਦਾ ਸੀ ਤੇ ਅਕਸਰ ਹੀ ਉਨ੍ਹਾਂ ਕੋਲ 20 ਤੋਂ 25 ਹਜ਼ਾਰ ਰੁਪਏ ਕੈਸ਼ ਜੇਬ ਵਿਚ ਮੌਜੂਦ ਹੁੰਦਾ ਸੀ। ਉਨ੍ਹਾਂ ਦੇ ਹੱਥ 'ਚ ਸੋਨੇ ਦੀ ਅੰਗੂਠੀ ਪਾਈ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲਾਸ਼ ਕੋਲੋਂ ਇਹ ਸਾਰਾ ਸਮਾਨ ਗਾਇਬ ਸੀ। ਓਧਰ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਮੁਕਤਸਰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲਿਸ ਵੱਲੋਂ ਮਿ੍ਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਪਹੁੰਚਾਉਣ ਤੋਂ ਉਪਰੰਤ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਿ੍ਤਕ ਦੇ ਦੋ ਬੇਟੇ ਤੇ ਇੱਕ ਬੇਟੀ ਹੈ ਜੋ ਕਿ ਸ਼ਾਦੀਸ਼ੁਦਾ ਹਨ।