ਪੰਜਾਬੀ ਜਾਗਰਣ ਟੀਮ, ਸ੍ਰੀ ਮੁਕਤਸਰ ਸਾਹਿਬ : ਸ੍ਰੀ ਗੰਗਾਨਗਰ ਦੇ ਚੁਨਾਵੜ ਇਲਾਕੇ ਦੀ ਗੰਗ ਨਹਿਰ ਦੀ ਬਾਰਹਮਾਸੀ ਨਹਿਰ ਦੇ ਨੇਤੇਵਾਲਾ ਹੈੱਡ ਤੋਂ ਬੀਤੇ ਸ਼ਨਿਚਰਵਾਰ ਨੂੰ ਤਿੰਨ ਜਣਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਨ੍ਹਾਂ ਦੀ ਪਛਾਣ ਸੋਮਵਾਰ ਨੂੰ ਮੁਕਤਸਰ ਸਾਹਿਬ ਦੇ ਪਿੰਡ ਭਾਗੂ ਵਿਚ ਰਹਿੰਦੇ ਰਹੇ ਨਿੱਕਾ ਵਾਲਮੀਕਿ (36 ਸਾਲ), ਉਸ ਦੀ ਪਤਨੀ ਮਨੀਸ਼ਾ (32 ਸਾਲ) ਤੇ ਪੰਜ ਸਾਲਾ ਧੀ ਸ਼ਗੁਨ ਵਜੋਂ ਹੋਈ ਹੈ।

ਮ੍ਰਿਤਕ ਨਿੱਕਾ ਦੇ ਭਰਾ ਸੋਨੂੰ ਨੇ ਲਾਸ਼ਾਂ ਦੀ ਪਛਾਣ ਕੀਤੀ ਹੈ ਜਦਕਿ ਮਜ਼ਦੂਰ ਪਤੀ-ਪਤਨੀ ਪਿੱਛੋਂ ਫ਼ਾਜ਼ਿਲਕਾ ਦੇ ਪਿੰਡ ਖਿੱਪਾਂਵਾਲੀ ਦੇ ਵਸਨੀਕ ਹਨ ਪਰ ਪਿਛਲੇ ਕਰੀਬ 12 ਸਾਲਾਂ ਤੋਂ ਮੁਕਤਸਰ ਸਾਹਿਬ ਦੇ ਪਿੰਡ ਭਾਗੂ ਵਿਚ ਰਹਿੰਦੇ ਸਨ। ਇਸ ਪਿੰਡ ਵਿਚ ਉਹ ਇਕ ਜ਼ਿੰਮੀਦਾਰ ਦੇ ਖੇਤ ਤੇ ਘਰ ਵਿਚ ਕੰਮ ਕਰਦੇ ਸਨ। ਤਿੰਨਾਂ ਦੀਆਂ ਲਾਸ਼ਾਂ ਜਿਸ ਹਾਲਤ ਵਿਚ ਮਿਲੀਆਂ ਹਨ ਉਸ ਤੋਂ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਸਮੂਹਕ ਤੌਰ ’ਤੇ ਖੁਦਕੁਸ਼ੀ ਕੀਤੀ ਹੈ ਕਿਉਂਕਿ ਪਤੀ ਪਤਨੀ ਦੇ ਇਕ ਇਕ ਹੱਥ ਆਪਸ ਵਿਚ ਰੱਸੀ ਨਾਲ ਬੰਨ੍ਹੇ ਹੋਏ ਸਨ ਜਦਕਿ ਪੰਜ ਸਾਲਾ ਬੱਚੀ ਉਸ ਦੇ ਪਿਤਾ ਨਿੱਕਾ ਦੇ ਲੱਕ ਨਾਲ ਦੁਪੱਟੇ ਨਾਲ ਬੰਨ੍ਹੀ ਹੋਈ ਸੀ। ਖ਼ੁੁਦਕੁਸ਼ੀ ਦੇ ਅਸਲ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਚਲ ਸਕਿਆ ਹੈ।

ਮ੍ਰਿਤਕ ਦਾ ਭਰਾ ਵੀ ਖ਼ੁਦਕੁਸ਼ੀ ਨੂੰ ਲੈ ਕੇ ਹੈਰਾਨ ਹੈ। ਸ੍ਰੀ ਗੰਗਾਨਗਰ ਚੁਨਾਵੜ ਖੇਤਰ ਦੀ ਪੁਲਿਸ ਇਸ ਮਾਮਲੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਸੋਨੂੰ ਵਾਲਮੀਕਿ ਮੁਤਾਬਕ ਪਿਛਲੇ ਮੰਗਲਵਾਰ ਦੀ ਸ਼ਾਮ ਨੂੰ ਭਰਾ ਨਿੱਕਾ, ਉਸਦੀ ਪਤਨੀ ਮਨੀਸ਼ਾ ਤੇ ਧੀ ਸ਼ਗੁਨ ਦੇ ਨਾਲ ਉਸ ਦੇ ਕੋਲ ਪਿੰਡ ਖਿੱਪਾਂਵਾਲੀ ਆਏ ਸਨ। ਬੁੱਧਵਾਰ ਦੀ ਸਵੇਰ ਨੂੰ ਪਿੰਡ ਭਾਗੂ ਤੋਂ ਉਸ ਦੇ ਜ਼ਿੰਮੀਦਾਰ ਦਾ ਫੋਨ ਆਇਆ ਕਿ ਨਿੱਕੇ ਨੂੰ ਪਿੰਡ ਵਾਪਸ ਭੇਜ ਦਿਓ, ਖੇਤ ਵਿਚ ਬਹੁਤ ਕੰਮ ਕਰਨ ਵਾਲਾ ਹੈ। ਇਸ ਤੋਂ ਬਾਅਦ ਨਿੱਕਾ ਆਪਣੀ ਪਤਨੀ ਤੇ ਬੱਚੀ ਨੂੰ ਨਾਲ ਲੈ ਕੇ ਪਿੰਡ ਲਈ ਬੱਸ ਅੱਡੇ ਨੂੰ ਨਿਕਲ ਗਿਆ ਸੀ।

ਉਸ ਤੋਂ ਅਗਲੇ ਦਿਨ ਚੁਨਾਵੜ ਪੁਲਿਸ ਵੱਲੋਂ ਫੋਨ ਆ ਗਿਆ ਕਿ ਤਿੰਨ ਜਣਿਆਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਦੀ ਪਛਾਣ ਕਰਨੀ ਹੈ। ਪਛਾਣ ਕੀਤੀ ਤਾਂ ਇਹ ਭਰਾ, ਭਰਜਾਈ ਤੇ ਭਤੀਜੀ ਦੀਆਂ ਲਾਸ਼ਾਂ ਸਨ। ਉਸ ਨੂੰ ਇਹ ਨਹੀਂ ਪਤਾ ਨਹੀਂ ਕਿ ਇਨ੍ਹਾਂ ਨੇ ਖੁਦਕੁਸ਼ੀ ਕਿਉਂ ਕੀਤੀ ਹੈ? ਜਦ ਉਹ ਉਸ ਦੇ ਘਰ ਆਏ ਸਨ ਤਾਂ ਰਾਜ਼ੀ ਖੁਸ਼ੀ ਸਨ। ਪੁਲਿਸ ਪੜਤਾਲ ਕਰੇ ਤਾਂ ਹੀ ਸਹੀ ਕਾਰਨ ਸਾਹਮਣੇ ਆ ਸਕਣਗੇ।

Posted By: Jagjit Singh