ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਸ਼ਹੀਦ ਭਗਤ ਸਿੰਘ ਕਲੱਬ ਸ੍ਰੀ ਮੁਕਤਸਰ ਸਾਹਿਬ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਜਲਾਲਾਬਾਦ-ਟਿੱਬੀ ਸਾਹਿਬ ਰੋਡ ਨੇੜੇ ਸ਼ਹੀਦ ਭਗਤ ਸਿੰਘ ਸਮਾਰਕ 'ਤੇ ਜਵਾਨਾਂ ਅਤੇ ਕਿਸਾਨਾਂ ਨੂੰ ਸਮਰਪਿਤ ਗਣਤੰਤਰ ਦਿਵਸ ਮਨਾਇਆ ਗਿਆ। ਸਮਾਗਮ ਦੌਰਾਨ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸ਼ਮ ਕਲੱਬ ਦੇ ਪ੍ਰਧਾਨ ਸੰਜੇ ਵਾਲੀਆ ਅਤੇ ਸੀਪੀਐਮ ਦੇ ਜਨਰਲ ਸਕੱਤਰ ਤਰਸੇਮ ਕੁਮਾਰ ਵੱਲੋਂ ਸਾਂਝੇ ਤੌਰ 'ਤੇ ਅਦਾ ਕੀਤੀ ਗਈ। ਇਸ ਮੌਕੇ ਰਾਮਾ ਕਿ੍ਸ਼ਨਾ ਸਕੂਲ, ਲਾਲਾ ਨੱਥੂ ਰਾਮ ਸਿੰਘ ਸਰਵਹਿਤਕਾਰੀ ਵਿੱਦਿਆ ਮੰਦਰ, ਬਾਗਵਾਲੀ ਗਲੀ ਸਥਿਤ ਦੋਨੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਗੀਤ, ਕਵਿਤਾਵਾਂ ਸੁਣਾ ਕੇ ਵਾਹਵਾਹੀ ਖੱਟੀ। ਨਿਰਧਨ ਵਿਦਿਆਰਥੀ ਵਿਕਾਸ ਸਭਾ ਵੱਲੋਂ ਦੇਸ਼ ਭਗਤੀ ਗੀਤ, ਕਵਿਤਾਵਾਂ ਸੁਣਾਉਣ ਵਾਲੇ ਵਿਦਿਆਰਥੀਆਂ ਨੂੰ ਕਾਪੀਆਂ, ਪੈਨਸ਼ਲਾਂ ਅਤੇ ਸਾਈ ਬੁੱਕ ਪਲਾਜਾ ਵੱਲੋਂ ਵਿਦਿਆਰਥੀਆਂ ਨੂੰ ਗਿਫਟ ਦਿੱਤੇ ਗਏ। ਇਸ ਮੌਕੇ ਅਸਮਾਨ ਇਨਕਲਾਬ ਜਿੰਦਾਬਾਦ ਦੇ ਨਾਅਰਿਆਂ ਨਾਲ ਗੂੰਜ ਉਠਿਆ। ਇਸ ਮੌਕੇ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਇੰਟਕ ਦੇ ਮੰਗਾ ਸਿੰਘ, ਪੰਜਾਬ ਰੋਡਵੇਜ਼ ਬਿਜਲੀ ਬੋਰਡ ਇੰਪਲਾਈਜ ਫੈਡਰੇਸ਼ਨ ਦੇ ਸਰਕਲ ਕੈਸ਼ੀਅਰ ਬਸੰਤ ਸਿੰਘ ਸਮੇਤ ਸਮੂਹ ਦੁਕਾਨਦਾਰ ਤੇ ਹੋਰ ਲੋਕ ਵੀ ਮੌਜੂਦ ਸਨ ਜਿਨਾਂ ਨੇ ਸ਼ਹੀਦਾਂ ਨੂੰ ਸ਼ਰਧਾ-ਸੁਮਨ ਅਰਪਿਤ ਕੀਤੇ।